ਅਮਰੀਕਾ 'ਚ ਦੋ ਭਾਰਤੀ ਨੌਜਵਾਨਾਂ ਨੇ ਰਚਾਇਆ ਵਿਆਹ, ਤਸਵੀਰਾਂ ਵਾਇਰਲ

07/23/2019 12:23:30 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਨਿਊ ਜਰਸੀ ਸ਼ਹਿਰ ਵਿਚ ਭਾਰਤੀ ਮੂਲ ਦੇ ਦੋ ਨੌਜਵਾਨਾਂ ਅਮਿਤ ਅਤੇ ਆਦਿਤਯ ਨੇ ਇਕ-ਦੂਜੇ ਨਾਲ ਸਮਲਿੰਗੀ ਵਿਆਹ ਰਚਾਇਆ। ਦੋਹਾਂ ਦਾ ਵਿਆਹ ਨਿਊ ਜਰਸੀ ਦੇ ਸਵਾਮੀਨਾਰਾਇਣ ਮੰਦਰ ਵਿਚ ਸੰਪੰਨ ਹੋਇਆ। ਇਸ ਵਿਆਹ ਨਾਲ ਦੁਨੀਆ ਭਰ ਵਿਚ ਸਮਲਿੰਗੀ ਰਿਸ਼ਤਾ ਰੱਖਣ ਵਾਲੇ ਲੋਕਾਂ ਵਿਚ ਆਸ ਜਾਗੀ ਹੈ ਕਿ ਮੁਹੱਬਤ ਆਜ਼ਾਦ ਹੈ ਅਤੇ ਇਕ ਦਿਨ ਉਨ੍ਹਾਂ ਨੂੰ ਵੀ ਅਜਿਹਾ ਕਰਨ ਦੀ ਸਹਿਮਤੀ ਮਿਲੇਗੀ।

ਇਸ ਵਿਆਹੁਤਾ ਜੋੜੇ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਧਾਈ ਮਿਲ ਰਹੀ ਹੈ। ਦੋਹਾਂ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇੱਥੇ ਦੱਸ ਦਈਏ ਕਿ ਅਮਿਤ ਅਤੇ ਆਦਿਤਯ ਦੀ ਮੁਲਾਕਾਤ ਇਕ ਬਾਰ ਵਿਚ ਹੋਈ ਸੀ, ਜਿਸ ਮਗਰੋਂ ਉਨ੍ਹਾਂ ਨੇ ਇਕ-ਦੂਜੇ ਦਾ ਨੰਬਰ ਲਿਆ। ਦੋਹਾਂ ਦੀ ਦੋਸਤੀ ਜਲਦੀ ਹੀ ਪਿਆਰ ਵਿਚ ਬਦਲ ਗਈ।

ਦੋਹਾਂ ਦੀ ਦੋਸਤੀ ਅੱਗੇ ਵਧਦੀ ਰਹੀ। 3 ਸਾਲਾਂ ਦੀ ਡੇਟ ਦੇ ਬਾਅਦ ਦੋਹਾਂ ਨੇ ਇਕ-ਦੂਜੇ ਨਾਲ ਜ਼ਿੰਦਗੀ ਬਿਤਾਉਣ ਦਾ ਫੈਸਲਾ ਲਿਆ। ਇਨ੍ਹਾਂ ਦੇ ਵਿਆਹ 'ਤੇ ਜਿੱਥੇ ਕੁਝ ਲੋਕਾਂ ਨੇ ਟਵਿੱਟਰ 'ਤੇ ਭੱਦੇ ਕੁਮੈਂਟਸ ਕੀਤੇ ਤਾਂ ਕੁਝ ਲੋਕਾਂ ਨੇ ਜੰਮ ਕੇ ਤਾਰੀਫ ਕੀਤੀ। ਹਰੀਸ਼ ਅਈਅਰ ਨਾਮ ਦੇ ਇਕ ਸ਼ਖਸ ਨੇ ਲਿਖਿਆ ਕਿ ਅਮਿਤ ਅਤੇ ਆਦਿਤਯ ਨੂੰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਲਈ ਸ਼ੁੱਭਕਾਮਨਾਵਾਂ। ਦੋਸਤੋ ਇਕ ਦਿਨ ਅਜਿਹਾ ਆਵੇਗਾ ਜਦੋਂ ਅਸੀਂ ਮਹਿਸੂਸ ਕਰਾਂਗੇ ਕਿ ਉਨ੍ਹਾਂ ਨੇ ਸਮਲਿੰਗੀ ਵਿਆਹ ਨਹੀਂ ਸਗੋਂ ਸਧਾਰਨ ਵਿਆਹ ਕੀਤਾ ਹੈ।

ਆਪਣੇ ਰਿਸ਼ਤੇ ਨੂੰ ਲੈ ਕੇ ਅਮਿਤ ਅਤੇ ਆਦਿਤਯ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਜਦੋਂ ਅਸੀਂ ਇਕ-ਦੂਜੇ ਨੂੰ ਡੇਟ ਕਰ ਰਹੇ ਸੀ ਤਾਂ ਸਾਨੂੰ ਬਿਲਕੁੱਲ ਨਹੀਂ ਲੱਗਾ ਸੀ ਕਿ ਅਸੀਂ ਵਿਆਹ ਕਰਾਂਗੇ। ਸਮਾਂ ਬੀਤਣ ਦੇ ਨਾਲ-ਨਾਲ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਇਕ-ਦੂਜੇ ਲਈ ਹੀ ਬਣੇ ਹਾਂ। ਇਸ ਦੇ ਬਾਅਦ ਅਸੀਂ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਅਤੇ ਆਪਣੇ ਵਿਆਹ ਦੀ ਇੱਛਾ ਜ਼ਾਹਰ ਕੀਤੀ। 

ਦੋਹਾਂ ਦਾ ਵਿਆਹ ਪੂਰੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਹੋਇਆ। ਇੰਨਾ ਹੀ ਨਹੀਂ ਦੋਹਾਂ ਨੇ ਵਿਆਹ ਤੋਂ ਪਹਿਲਾਂ ਪ੍ਰੀ ਵੈਡਿੰਗ ਫੋਟੋਸ਼ੂਟ ਵੀ ਕਰਵਾਇਆ। ਇਸ ਦੇ ਇਲਾਵਾ ਮਹਿੰਦੀ-ਹਲਦੀ ਦੀ ਪਾਰਟੀ ਵੀ ਹੋਈ। ਅਮਿਤ ਮੁਤਾਬਕ ਆਦਿਤਯ ਬਹੁਤ ਰਚਨਾਤਮਕ ਹੈ ਅਤੇ ਉਸ ਨੂੰ ਪੇਟਿੰਗ ਤੇ ਆਰਟਸ ਦਾ ਬਹੁਤ ਸ਼ੌਂਕ ਹੈ।

Vandana

This news is Content Editor Vandana