''ਜਦੋਂ ਤੱਕ ਲੋੜ ਹੋਈ, ਉਦੋਂ ਤੱਕ ਇਰਾਕ ''ਚ ਰਹਿਣਗੇ ਅਮਰੀਕੀ ਸੁਰੱਖਿਆ ਬਲ''

08/19/2018 5:11:20 PM

ਆਬੂਧਾਬੀ— ਇਰਾਕ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਕਬਜ਼ੇ ਤੋਂ ਛੁਡਾਏ ਗਏ ਖੇਤਰਾਂ 'ਚ ਸਥਿਰਤਾ ਕਾਇਮ ਕਰਨ ਲਈ ਜਦੋਂ ਤੱਕ ਲੋੜ ਪਈ ਅਮਰੀਕੀ ਸੁਰੱਖਿਆ ਬਲ ਉਥੇ ਰਹਿਣਗੇ। ਗਠਬੰਧਨ ਬਲਾਂ ਦੇ ਬੁਲਾਰੇ ਕਰਨਲ ਸੀਨ ਰਿਆਨ ਨੇ ਐਤਵਾਰ ਨੂੰ ਇਥੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸਾਨੂੰ ਆਪਣੇ ਸੁਰੱਖਿਆ ਬਲਾਂ ਨੂੰ ਜਦੋਂ ਤੱਕ ਇਰਾਕ 'ਚ ਰੱਖਣ ਦੀ ਲੋੜ ਮਹਿਸੂਸ ਹੋਵੇਗੀ, ਅਸੀਂ ਉਦੋਂ ਤੱਕ ਉਨ੍ਹਾਂ ਨੂੰ ਇਥੇ ਰੱਖਾਂਗੇ। ਇਸ ਦਾ ਮੁੱਖ ਕਾਰਨ ਇਸਲਾਮਿਕ ਸਟੇਟ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਕਬਜ਼ੇ 'ਚ ਰਹਿ ਰਹੇ ਖੇਤਰਾਂ 'ਚ ਸ਼ਾਂਤੀ ਸਥਿਰਤਾ ਬਹਾਲ ਕਰਨਾ ਹੈ। ਇਸ ਦੇ ਲਈ ਸਾਨੂੰ ਉਥੇ ਸਥਿਰਕਾ ਹੋਣ ਤੱਕ ਰਹਿਣਾ ਹੀ ਹੋਵੇਗਾ।

ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਇਰਾਕ 'ਚ 5200 ਅਮਰੀਕੀ ਫੌਜੀ ਤਾਇਨਾਤ ਹਨ ਤੇ ਉਨ੍ਹਾਂ ਦੀ ਗਿਣਤੀ 'ਚ ਕੁਝ ਕਮੀ ਜ਼ਰੂਰ ਕੀਤੀ ਜਾ ਸਕਦੀ ਹੈ ਪਰ ਉਨ੍ਹਾਂ ਨੂੰ ਉਥੋਂ ਹਟਾਇਆ ਨਹੀਂ ਜਾਵੇਗਾ। ਅਮਰੀਕੀ ਫੌਜੀਆਂ ਦੀ ਗਿਣਤੀ 'ਚ ਕਮੀ ਵੀ ਇਰਾਕ ਦੀ ਫੌਜ ਨੂੰ ਸਿਖਲਾਈ ਦੇਣ ਲਈ ਉਥੇ ਨਾਟੋ ਬਲਾਂ ਦੇ ਪਹੁੰਚਣ 'ਤੇ ਨਿਰਭਰ ਕਰੇਗੀ। ਜ਼ਿਕਰਯੋਗ ਹੈ ਕਿ ਇਰਾਕ ਦੇ ਵੱਡੇ ਹਿੱਸੇ 'ਤੇ ਇਸਲਾਮਿਕ ਸਟੇਟ ਦੇ ਕਬਜ਼ੇ ਤੋਂ ਬਾਅਦ ਅਮਰੀਕਾ ਦੀ ਅਗਵਾਈ ਵਾਲੇ ਗਠਬੰਧਨ ਨੇ ਉਨ੍ਹਾਂ ਨੂੰ ਉਥੇ ਖਦੇੜਨ ਦੇ ਲਈ ਪਿਛਲੇ ਸਾਲ ਵਿਆਪਕ ਅਭਿਆਨ ਸ਼ੁਰੂ ਕੀਤਾ ਜੋ ਹਾਲ 'ਚ ਹੀ ਖਤਮ ਹੋਇਆ ਹੈ।