ਹਿੰਸਾ ''ਚ ਭੂਮਿਕਾ ਦੇ ਚੱਲਦੇ ਏਂਟਿਫਾ ਨੂੰ ਅੱਤਵਾਦੀ ਸੰਗਠਨ ਐਲਾਨ ਕਰੇਗਾ ਅਮਰੀਕਾ : ਟਰੰਪ

06/02/2020 1:31:07 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮਿਨੀਸੋਟਾ ਵਿਚ ਇਕ ਸ਼ਵੇਤ ਪੁਲਸ ਅਧਿਕਾਰੀ ਵੱਲੋਂ ਇਕ ਅਸ਼ਵੇਤ ਵਿਅਕਤੀ ਦੇ ਮਾਰੇ ਜਾਣ ਤੋਂ ਬਾਅਦ ਦੇਸ਼ ਭਰ ਵਿਚ ਭੜਕੀ ਹਿੰਸਾ ਵਿਚ ਭੂਮਿਕਾ ਨੂੰ ਲੈ ਕੇ ਅਮਰੀਕਾ ਦਾ ਖੱਬੇ ਪੱਖੀ ਗਰੁੱਪ 'ਐਂਟਿਫਾ' ਨੂੰ ਅੱਤਵਾਦੀ ਸੰਗਠਨਾਂ ਦੀ ਲਿਸਟ ਵਿਚ ਸ਼ਾਮਲ ਕਰੇਗਾ। ਏਂਟਿਫਾ ਨੂੰ ਅਮਰੀਕਾ ਵਿਚ ਅੱਤਵਾਦੀ, ਖੱਬੇ ਪੱਖੀ ਸੰਗਠਨ, ਫਾਸੀਵਾਦੀ ਵਿਰੋਧੀ ਅੰਦੋਲਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਨਾਲ ਅਜਿਹੇ ਕਈ ਵਰਕਰ ਸਮੂਹ ਜੁੜੇ ਹਨ ਜੋ ਆਪਣੇ ਸਿਆਸੀ ਉਦੇਸ਼ ਨੀਤੀਗਤ ਸੁਧਾਰਾਂ ਦੀ ਥਾਂ ਪ੍ਰਤੱਖ ਕਾਰਵਾਈ ਦੇ ਇਸਤੇਮਾਲ ਨਾਲ ਹਾਸਲ ਕਰਨਾ ਚਾਹੁੰਦੇ ਹਨ।

ਟਰੰਪ ਨੇ ਐਤਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਅਮਰੀਕਾ ਏਂਟਿਫਾ ਅੱਤਵਾਦੀ ਸੰਗਠਨ ਦੇ ਰੂਪ ਵਿਚ ਐਲਾਨ ਕਰੇਗਾ। ਮਿਨੀਪੋਲਸ ਵਿਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਹਿੰਸਕ ਪ੍ਰਦਰਸ਼ਨਾਂ ਦੇ ਅਚਾਨਕ ਵਧਣ ਦਾ ਦੋਸ਼ ਟਰੰਪ ਪ੍ਰਸ਼ਾਸਨ ਨੇ ਇਸ ਖੱਬੇ ਪੱਖੀ ਗਰੁੱਪ 'ਤੇ ਲਗਾਇਆ ਹੈ। ਅਟਾਰਨੀ ਜਨਰਲ ਵਿਲੀਅਮ ਪੀ ਬਾਰ ਨੇ ਇਕ ਬਿਆਨ ਵਿਚ ਕਿਹਾ ਕਿ ਏਂਟਿਫਾ ਅਤੇ ਇਸ ਤਰ੍ਹਾਂ ਦੇ ਹੋਰ ਸਮੂਹਾਂ ਵੱਲੋਂ ਕੀਤੀ ਗਈ ਅਤੇ ਭੜਕਾਈ ਗਈ ਹਿੰਸਾ ਘਰੇਲੂ ਅੱਤਵਾਦ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਸੀ. ਐਨ. ਐਨ. ਦੇ ਨਾਲ ਸੰਡੇ ਟਾਕ ਸ਼ੋਅ ਵਿਚ ਕਿਹਾ ਕਿ ਰਾਸ਼ਟਰਪਤੀ ਅਤੇ ਅਟਾਰਨੀ ਜਨਰਲ ਐਫ. ਬੀ. ਆਈ. ਤੋਂ ਜਾਣਨਾ ਚਾਹੁੰਦੇ ਹਨ ਕਿ ਉਹ ਏਂਟਿਫਾ ਨਾਲ ਜੁੜੇ ਲੋਕਾਂ ਦਾ ਪਤਾ ਲਗਾਉਣ ਅਤੇ ਉਨਾਂ 'ਤੇ ਮੁਕੱਦਮਾ ਚਲਾਉਣ ਨੂੰ ਲੈ ਕੇ ਕੀ ਕਰ ਰਹੀ ਹੈ।

ਫਲਾਇਡ ਦੀ ਮੌਤ ਨਾਲ ਸਬੰਧਿਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਮਰੀਕਾ ਵਿਚ ਥਾਂ-ਥਾਂ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਅੱਗ ਲਾਉਣ, ਲੁੱਟਖੋਹ ਅਤੇ ਭੰਨਤੋੜ ਵੀ ਕਰ ਰਹੇ ਹਨ। ਘਟਨਾ ਨਾਲ ਸਬੰਧਿਤ ਵੀਡੀਓ ਵਿਚ ਇਕ ਸ਼ਵੇਤ ਅਧਿਕਾਰੀ ਹੱਥਕੜ੍ਹੀ ਲੱਗੇ ਫਲਾਇਡ ਦੀ ਧੌਂਣ ਨੂੰ ਆਪਣੇ ਗੋਢੇ ਨਾਲ ਦਬਾਉਂਦਾ ਦਿਖਾਈ ਦਿੰਦਾ ਹੈ। ਵੀਡੀਓ ਵਿਚ ਫਲਾਇਡ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਸਾਹ ਨਹੀਂ ਲੈ ਪਾ ਰਿਹਾ ਪਰ ਅਧਿਕਾਰੀ ਆਪਣਾ ਗੋਢਾ ਉਸ ਦੀ ਧੌਂਣ ਤੋਂ ਨਹੀਂ ਹਟਾਉਂਦਾ। ਹੌਲੀ-ਹੌਲੀ ਅਸ਼ਵੇਤ ਵਿਅਕਤੀ ਦਾ ਸਾਹ ਬੰਦ ਹੋ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਉਹ ਵੀਡੀਓ ਇਕ ਰਾਹਗੀਰ ਨੇ ਬਣਾਈ ਸੀ।

Khushdeep Jassi

This news is Content Editor Khushdeep Jassi