ਅਮਰੀਕੀ ਟੀਮ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਭ ਤੋਂ ਘੱਟ ਸਕੋਰ 'ਤੇ ਢੇਰ

02/12/2020 8:04:56 PM

ਕਾਠਮੰਡੂ— ਅਮਰੀਕਾ ਦੀ ਟੀਮ ਨੂੰ ਨੇਪਾਲ ਨੇ ਬੁੱਧਵਾਰ 35 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਇਸ ਤਰ੍ਹਾਂ ਟੀਮ ਨੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਜ਼ਿੰਬਾਬਵੇ ਦੇ 35 ਦੌੜਾਂ ਦੇ ਘੱਟ ਸਕੋਰ ਦੀ ਬਰਾਬਰੀ ਕੀਤੀ। ਨੇਪਾਲ ਵਲੋਂ ਲੈੱਗ ਸਪਿਨਰ ਸੰਦੀਪ ਲਮਿਚਾਨੇ ਨੇ 16 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਕਾਠਮੰਡੂ 'ਚ ਵਿਸ਼ਵ ਕੱਪ ਲੀਗ 2 ਮੈਚ 'ਚ ਅਮਰੀਕਾ ਦੀ ਟੀਮ 12 ਓਵਰਾਂ 'ਚ ਹੀ ਢੇਰ ਹੋ ਗਈ। ਸਪਿਨਰ ਸੁਸ਼ਾਨ ਭਾਰੀ ਨੇ ਵੀ ਪੰਜ ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਵੈਸਟਇੰਡੀਜ਼ 'ਚ ਜੰਮੇ ਸਲਾਮੀ ਬੱਲੇਬਾਜ਼ ਜੇਵਿਅਰ ਮਾਰਸ਼ਲ (16 ਦੌੜਾਂ) ਦੋਹਰੇ ਅੰਕ 'ਚ ਪਹੁੰਚਣ ਵਾਲੇ ਅਮਰੀਕਾ ਦੇ ਇਕਲੌਤੇ ਬੱਲੇਬਾਜ਼ ਰਹੇ। ਘਰੇਲੂ ਧਰਤੀ 'ਤੇ ਪਹਿਲੀ ਅੰਤਰਰਾਸ਼ਟਰੀ ਸੀਰੀਜ਼ ਖੇਡ ਰਹੇ ਨੇਪਾਲ ਨੇ ਦੂਜੇ ਓਵਰ 'ਚ ਦੋਵਾਂ ਸਲਾਮੀ ਬੱਲੇਬਾਜ਼ਾਂ ਦੇ ਵਿਕਟ ਗਵਾਉਣ ਤੋਂ ਬਾਅਦ ਸਿਰਫ 5.2 ਓਵਰਾਂ 'ਚ ਟੀਚੇ ਨੂੰ ਹਾਸਲ ਕਰ ਲਿਆ। ਤਿਮਿਲ ਪਟੇਲ ਨੇ ਲਗਾਤਾਰ ਗੇਂਦਾਂ 'ਤੇ 2 ਚੌਕੇ ਤੇ ਇਕ ਛੱਕਾ ਲਗਾ ਕੇ ਨੇਪਾਲ ਨੂੰ 8 ਵਿਕਟਾਂ ਨਾਲ ਜਿੱਤ ਹਾਸਲ ਕਰਵਾਈ। ਇਸ ਤੋਂ ਪਹਿਲਾਂ 2004 'ਚ ਸ਼੍ਰੀਲੰਕਾ ਵਿਰੁੱਧ ਜ਼ਿੰਬਾਬਵੇ ਦੀ ਟੀਮ 35 ਦੌੜਾਂ 'ਤੇ ਢੇਰ ਹੋ ਗਈ ਸੀ। ਇਸ ਸੀਰੀਜ਼ 'ਚ ਓਮਾਨ ਦੀ ਟੀਮ ਵੀ ਹਿੱਸਾ ਲੈ ਰਹੀ ਹੈ।

Gurdeep Singh

This news is Content Editor Gurdeep Singh