US:ਪੰਜਾਬੀ ਦੇ ਰੈਸਟੋਰੈਂਟ 'ਚ ਭੰਨ-ਤੋੜ ਕਾਰਨ ਭਾਰੀ ਨੁਕਸਾਨ, ਲਿਖੇ ਨਫ਼ਰਤ ਭਰੇ ਸੰਦੇਸ਼

06/24/2020 11:07:02 AM

ਵਾਸ਼ਿੰਗਟਨ-  ਨਿਊ ਮੈਕਸੀਕੋ ਦੇ ਸਾਂਤਾ ਫੇ ਸਿਟੀ ਵਿਚ ਇਕ ਪੰਜਾਬੀ ਵਿਅਕਤੀ ਦੇ ਰੈਸਟੋਰੈਂਟ ਵਿਚ ਤੋੜ-ਭੰਨ ਕੀਤੀ ਗਈ ਅਤੇ ਉਸ ਦੀਆਂ ਕੰਧਾਂ 'ਤੇ ਨਫ਼ਰਤ ਭਰੇ ਸੰਦੇਸ਼ ਲਿਖੇ ਗਏ। ਮੰਗਲਵਾਰ ਨੂੰ ਮੀਡੀਆ ਵਿਚ ਆਈ ਖ਼ਬਰ ਮੁਤਾਬਕ ਇੰਡੀਅਨ ਪੈਲਸ ਨਾਂ ਦੇ ਰੈਸਟੋਰੈਂਟ ਨੂੰ ਤਕਰੀਬਨ ਇਕ ਲੱਖ ਡਾਲਰ ਦਾ ਨੁਕਸਾਨ ਪੁੱਜਾ ਹੈ। 

 

ਸਥਾਨਕ ਪੁਲਸ ਅਤੇ ਐੱਫ. ਬੀ. ਆਈ. ਇਸ ਘਟਨਾ ਦੀ ਜਾਂਚ ਕਰ ਰਹੇ ਹਨ। 'ਸਿੱਖ ਅਮਰੀਕੀ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ' ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਇਸ ਦੇ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਨਫ਼ਰਤ ਅਤੇ ਹਿੰਸਾ ਅਸਵਿਕਾਰਯੋਗ ਹੈ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ। 
ਸਥਾਨਕ ਅਖ਼ਬਾਰ ਮੁਤਾਬਕ ਰੈਸਟੋਰੈਂਟ ਦੇ ਮੇਜ਼ਾਂ ਨੂੰ ਉਲਟਾ ਦਿੱਤਾ ਗਿਆ। ਕੱਚ ਦੇ ਭਾਂਡੇ ਫਰਸ਼ 'ਤੇ ਸੁੱਟ ਕੇ ਤੋੜ ਦਿੱਤੇ ਗਏ। ਸ਼ਰਾਬ ਦਾ ਰੈਕ ਖਾਲੀ ਕਰ ਦਿੱਤਾ ਗਿਆ। ਇਕ ਦੇਵੀ ਦੀ ਮੂਰਤੀ ਤੋੜ ਦਿੱਤੀ ਗਈ ਅਤੇ ਕੰਪਿਊਟਰ ਚੋਰੀ ਕੀਤਾ ਗਿਆ।

ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਨੇ ਕਿਹਾ," ਮੈਂ ਰਸੋਈ ਵਿਚ ਗਿਆ, ਜਦ ਮੈਂ ਇਹ ਸਭ ਵੇਖਿਆ ਤਾਂ ਸੋਚਣ ਲੱਗ ਗਿਆ ਕਿ ਇਹ ਕੀ ਹੋ ਗਿਆ ਤੇ ਕੀ ਚੱਲ ਰਿਹਾ ਹੈ। ਰੈਸਟੋਰੈਂਟ ਦੀਆਂ ਕੰਧਾਂ, ਕਾਊਂਟਰਾਂ ਅਤੇ ਹੋਰ ਉਪਲਬਧ ਥਾਵਾਂ 'ਤੇ "ਵ੍ਹਾਈਟ ਪਾਵਰ",  "ਟਰੰਪ 2020" ਅਤੇ "ਘਰ ਜਾਓ" ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਕਈ ਖ਼ਰਾਬ ਗੱਲਾਂ ਸਪ੍ਰੇਅ ਪੇਂਟਿੰਗ ਨਾਲ ਲਿਖੀਆਂ ਹੋਈਆਂ ਸਨ।

Lalita Mam

This news is Content Editor Lalita Mam