US : ਹਾਦਸੇ ''ਚ ਪਰਿਵਾਰ ਨੂੰ ਖੋਹਣ ਵਾਲੇ ਬੱਚੇ ਲਈ ਸਿੱਖਾਂ ਨੇ ਜੁਟਾਏ 1 ਕਰੋੜ ਰੁਪਏ

08/21/2019 12:24:28 PM

ਨਿਊਜਰਸੀ, (ਰਾਜ ਗੋਗਨਾ)— ਅਮਰੀਕਾ ਦੇ ਸ਼ਹਿਰ ਕਾਰਟਰੇਟ ਦੇ ਰਹਿਣ ਵਾਲੇ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਬੀਤੇ ਦਿਨੀਂ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਪਰਿਵਾਰ ਦਾ 11 ਸਾਲਾ ਪੁੱਤਰ ਯਸ਼ਵੀਰ ਸਿੰਘ ਜੋ ਹਾਦਸੇ ਦੌਰਾਨ ਜ਼ਖਮੀ ਹੋ ਗਿਆ, ਦੀ ਮਦਦ ਲਈ ਅਮਰੀਕਾ ਦਾ ਸਿੱਖ ਭਾਈਚਾਰਾ ਇਕੱਠਾ ਹੋ ਗਿਆ ਹੈ। ਹੁਣ ਤੱਕ ਉਨ੍ਹਾਂ ਨੇ 1 ਲੱਖ 75 ਹਜ਼ਾਰ ਡਾਲਰ (ਲਗਭਗ 1.29 ਕਰੋੜ ਰੁਪਏ) ਦੀ ਰਕਮ ਇਕੱਠੀ ਕਰ ਲਈ ਹੈ।

ਨਿਊਜਰਸੀ 'ਚ ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਸ਼ਹਿਰ ਕਾਰਟਰੇਟ 'ਚ ਸਿੱਖ ਭਾਈਚਾਰੇ ਵੱਲੋਂ ਯਸ਼ਵੀਰ ਸਿੰਘ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਜਾ ਰਹੀ ਹੈ। ਯਸ਼ਵੀਰ ਸਿੰਘ ਦੀ ਮਦਦ ਲਈ ਬਣਾਏ ਗੋ ਫ਼ੰਡ ਮੀ ਪੇਜ 'ਤੇ ਇਹ ਵੀ ਲਿਖਿਆ ਹੈ ਕਿ ਭਾਵੇਂ ਯਸ਼ਵੀਰ ਦੇ ਮਾਪਿਆਂ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ ਪਰ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਦੇ ਮੈਡੀਕਲ ਖਰਚੇ ਅਤੇ ਪਰਿਵਾਰ ਦੇ ਤਿੰਨ ਜੀਆਂ ਦੇ ਅੰਤਿਮ ਸੰਸਕਾਰ 'ਤੇ ਹੋਣ ਵਾਲੇ ਖਰਚੇ ਅਤੇ ਯਸ਼ਵੀਰ ਸਿੰਘ ਦੇ ਭਵਿੱਖ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਮਿਡਲਸੈਕਸ ਕਾਊਂਟੀ ਦੇ ਕਾਰਟਰੇਟ ਸ਼ਹਿਰ 'ਚ ਰਹਿੰਦੇ ਗੁਰਮੀਤ ਸਿੰਘ ਆਪਣੀ ਪਤਨੀ ਜਸਲੀਨ ਕੌਰ ਅਤੇ ਦੋਵੇਂ ਬੱਚਿਆਂ ਨਾਲ ਮਿੰਨੀ ਵੈਨ 'ਚ ਜਾ ਰਿਹਾ ਸੀ ਜਦੋਂ ਵਰਜੀਨੀਆ ਸੂਬੇ ਦੀ ਪੇਜ ਕਾਊਂਟੀ ਵਿਚ ਇਕ ਬੇਕਾਬੂ ਪਿਕਅੱਪ ਟਰੱਕ ਨੇ ਇਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਗੁਰਮੀਤ ਸਿੰਘ, ਉਸ ਦੀ ਪਤਨੀ ਜਸਲੀਨ ਕੌਰ ਅਤੇ 6 ਸਾਲਾ ਦੀ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਯਸ਼ਵੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ।