ਅਮਰੀਕਾ 'ਚ ਕੁੱਟਮਾਰ ਦੇ ਸ਼ਿਕਾਰ ਹੋਏ ਸਿੱਖ ਨੇ ਕਿਹਾ- 'ਮੇਰੀ ਦਸਤਾਰ ਨੇ ਮੈਨੂੰ ਬਚਾ ਲਿਆ'

08/07/2018 4:32:23 PM

ਨਿਊਯਾਰਕ (ਭਾਸ਼ਾ)— ਅਮਰੀਕਾ 'ਚ ਦੋ ਗੋਰਿਆਂ ਵਲੋਂ ਕੁੱਟਮਾਰ ਦੇ ਸ਼ਿਕਾਰ ਹੋਏ 50 ਸਾਲਾ ਸਿੱਖ ਨੇ ਕਿਹਾ, ''ਮੇਰੀ ਦਸਤਾਰ ਨੇ ਮੈਨੂੰ ਬਚਾ ਲਿਆ।'' ਦੱਸਣਯੋਗ ਹੈ ਕਿ 50 ਸਾਲਾ ਸਿੱਖ ਸੁਰਜੀਤ ਸਿੰਘ ਮੱਲ੍ਹੀ 'ਤੇ ਬੀਤੇ ਹਫਤੇ ਕੈਲੀਫੋਰਨੀਆ 'ਚ ਗੋਰਿਆਂ ਨੇ ਕੁੱਟਮਾਰ ਅਤੇ ਨਸਲੀ ਟਿੱਪਣੀ ਵੀ ਕੀਤੀ ਸੀ। ਸੁਰਜੀਤ ਸਿੰਘ ਕੈਲੀਫੋਰਨੀਆ 'ਚ ਆਪਣੇ ਘਰ ਨੇੜੇ ਅਮਰੀਕੀ ਪ੍ਰਤੀਨਿਧੀ ਜੈਫ ਡੇਨਹਮ ਲਈ ਸਿਆਸੀ ਸਮੱਗਰੀ ਚਿਪਕਾ ਰਹੇ ਸਨ, ਜੋ ਬਤੌਰ ਰਿਪਬਲੀਕਨ ਉਮੀਦਵਾਰ ਫਿਰ ਤੋਂ ਚੋਣ ਮੈਦਾਨ ਵਿਚ ਖੜ੍ਹੇ ਹਨ। ਸੁਰਜੀਤ ਨੇ ਆਪਣੀ ਹੱਡ-ਬੀਤੀ ਬਿਆਨ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਸਿਆਸੀ ਸਮੱਗਰੀ ਚਿਪਕਾ ਰਹੇ ਸਨ ਤਾਂ ਉਸ ਦੌਰਾਨ ਦੋ ਗੋਰੇ ਆਏ ਅਤੇ ਉਨ੍ਹਾਂ ਨੇ ਚੀਕਦੇ ਹੋਏ ਨਸਲੀ ਟਿੱਪਣੀ ਕੀਤੀ ਕਿ 'ਤੁਹਾਡਾ ਇੱਥੇ ਸਵਾਗਤ ਨਹੀਂ ਹੈ, ਆਪਣੇ ਦੇਸ਼ ਵਾਪਸ ਜਾਓ।''

ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਸੁਰਜੀਤ ਸਿੰਘ ਨੇ ਕਿਹਾ, ''ਮੇਰੀ ਦਸਤਾਰ ਨੇ ਅਸਲ 'ਚ ਮੈਨੂੰ ਬਚਾਇਆ।'' ਉਨ੍ਹਾਂ ਨੇ ਕਿਹਾ ਕਿ ਦਸਤਾਰ ਨੇ ਹੈਲਮੇਟ ਵਾਂਗ ਜਾਂ ਉਸ ਤੋਂ ਵੀ ਵੱਧ ਮਜ਼ਬੂਤੀ ਨਾਲ ਕੰਮ ਕੀਤਾ।'' ਉਨ੍ਹਾਂ ਅੱਗੇ ਦੱਸਿਆ ਕਿ ਦੋ ਗੋਰੇ ਵਿਅਕਤੀ ਮੇਰੇ ਪਿੱਛੇ ਆਏ ਅਤੇ ਚੀਕਣ ਲੱਗੇ। ਉਨ੍ਹਾਂ ਨੇ ਮੇਰੀਆਂ ਅੱਖਾਂ 'ਚ ਰੇਤ ਪਾ ਦਿੱਤੀ। ਦੋਹਾਂ ਗੋਰਿਆਂ ਨੇ ਮੇਰਾ ਸਿਰ ਫੜਿਆ ਅਤੇ ਬੈਲਟ ਨਾਲ ਮੇਰੀ ਕੁੱਟਮਾਰ ਕੀਤੀ। ਸੁਰਜੀਤ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਉਹ ਮੈਨੂੰ ਮਾਰ ਰਹੇ ਸਨ, ਮੈਨੂੰ ਲੱਗਾ ਕਿ ਮੈਂ ਮਰ ਜਾਣਾ ਸੀ। ਉਨ੍ਹਾਂ ਨੇ ਮੇਰੇ ਪਿਕਅੱਪ ਟਰੱਕ 'ਤੇ ਕਾਲੀ ਸਪ੍ਰੇਅ ਨਾਲ 'ਗੋ ਬੈਕ ਟੂ ਯੂਅਰ ਕੰਟਰੀ' ਲਿਖ ਦਿੱਤਾ। 

ਮੱਲ੍ਹੀ 1992 'ਚ ਭਾਰਤ ਤੋਂ ਅਮਰੀਕਾ ਆਏ ਸਨ ਅਤੇ ਹੁਣ ਉੱਥੇ ਦੇ ਸਥਾਈ ਵਾਸੀ ਹਨ। ਉਹ ਦਸਤਾਰ ਬੰਨ੍ਹਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਕ ਨਿਊਜ਼ ਚੈਨਲ ਮੁਤਾਬਕ ਸੁਰਜੀਤ ਸਿੰਘ ਨੇ ਕਿਹਾ ਕਿ ਸਭ ਕੁਝ ਬਹੁਤ ਤੇਜ਼ੀ ਨਾਲ ਹੋਇਆ। ਉਹ ਹਮਲਾਵਰਾਂ ਨੂੰ ਚੰਗੀ ਤਰ੍ਹਾਂ ਨਾਲ ਦੇਖ ਨਹੀਂ ਸਕੇ ਪਰ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਦੋ ਲੋਕ ਸਨ, ਜਿਨ੍ਹਾਂ ਨੇ ਕਾਲੇ ਰੰਗ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ।


Related News