ਅਮਰੀਕਾ ਦੇ ਸੀਰੀਅਲ ਕਿਲਰ ਸੈਮੂਅਲ ਲਿਟਲ ਦੀ 80 ਸਾਲ ਦੀ ਉਮਰ ''ਚ ਹੋਈ ਮੌਤ

12/31/2020 11:09:39 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸੰਯੁਕਤ ਰਾਜ ਦੇ ਇਕ ਸੀਰੀਅਲ ਕਿਲਰ ਸੈਮੂਅਲ ਲਿਟਲ, ਜਿਸ ਨੇ ਦੇਸ਼ ਭਰ ਵਿਚ 90 ਤੋਂ ਵੱਧ ਕਤਲਾਂ ਦਾ ਇਕਰਾਰ ਕੀਤਾ ਸੀ ਅਤੇ ਜੇਲ੍ਹ ਵਿਚ ਕਈ ਮਾਮਲਿਆਂ ਸੰਬੰਧੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ, ਦੀ ਬੁੱਧਵਾਰ ਨੂੰ ਕੈਲੀਫੋਰਨੀਆ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਹੈ। 

ਲਿਟਲ ਦੀ ਮੌਤ ਸੰਬੰਧੀ ਕੈਲੀਫੋਰਨੀਆ ਦੇ ਸੁਧਾਰ ਅਤੇ ਮੁੜ ਵਸੇਬੇ ਵਿਭਾਗ ਦੇ ਇਕ ਬਿਆਨ ਅਨੁਸਾਰ ਇਸ 80 ਸਾਲਾ ਵਿਅਕਤੀ ਨੂੰ ਸਵੇਰੇ 4:53 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਸੁਧਾਰ ਵਿਭਾਗ ਨੇ ਦੱਸਿਆ ਕਿ ਮੌਤ ਦਾ ਅਧਿਕਾਰਤ ਕਾਰਨ ਅਜੇ ਜਾਰੀ ਨਹੀਂ ਕੀਤਾ ਗਿਆ ਹੈ ਜੋ ਕਿ ਬਾਅਦ ਵਿੱਚ ਲਾਸ ਏਂਜਲਸ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਦੁਆਰਾ ਨਿਰਧਾਰਤ ਕੀਤਾ ਜਾਵੇਗਾ ਜਦਕਿ ਲਿਟਲ ਸ਼ੂਗਰ, ਦਿਲ ਦੀ ਤਕਲੀਫ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਸੀ। 

ਇਹ ਕੈਦੀ ਇਸ ਸਮੇਂ 1980 ਵਿਚ ਲਾਸ ਏਂਜਲਸ ਕਾਉਂਟੀ ਵਿਚ ਤਿੰਨ ਔਰਤਾਂ ਦੀ ਹੱਤਿਆ ਲਈ ਬਿਨਾਂ ਪੈਰੋਲ ਦੀ ਸੰਭਾਵਨਾ ਤੋਂ ਤਿੰਨ ਉਮਰ ਸਜ਼ਾਵਾਂ ਦੀ ਕੈਦ ਕੱਟ ਰਿਹਾ ਸੀ। ਲਿਟਲ ਨੂੰ ਡੀ. ਐੱਨ. ਏ. ਦੇ ਜ਼ਰੀਏ ਕਤਲਾਂ ਨਾਲ ਜੋੜਿਆ ਗਿਆ ਸੀ ਜੋ ਕਿ ਅਪਰਾਧ ਕਰਨ ਦੌਰਾਨ ਮਿਲੇ ਸਬੂਤਾਂ ਨਾਲ ਮੇਲ ਖਾਂਦੇ ਸਨ। ਇਸ ਤੋਂ ਬਾਅਦ 2014 ਵਿਚ ਲਾਸ ਏਂਜਲਸ ਕਾਉਂਟੀ ਦੀ ਜਿਊਰੀ ਨੇ ਪਹਿਲੀ ਡਿਗਰੀ ਕਤਲ ਦੇ ਦੋਸ਼ ਵਿਚ ਸਜ਼ਾ ਕੀਤੀ ਸੀ। ਸਾਲ 2018 ਵਿਚ, ਲਿਟਲ ਨੇ 1970 ਅਤੇ 2005 ਦੇ ਦਰਮਿਆਨ ਜ਼ਿਆਦਾਤਰ ਫਲੋਰਿਡਾ ਅਤੇ ਦੱਖਣੀ ਕੈਲੀਫੋਰਨੀਆ ਵਿਚ 93 ਲੋਕਾਂ ਦੀ ਹੱਤਿਆ ਦਾ ਇਕਬਾਲ ਕੀਤਾ ਸੀ, ਜਿਸ ਕਰਕੇ ਐੱਫ. ਬੀ. ਆਈ. ਨੇ ਉਸ ਨੂੰ ਸੰਯੁਕਤ ਰਾਜ ਦੇ ਇਤਿਹਾਸ ਵਿਚ ਸਭ ਤੋਂ ਪ੍ਰਮੁੱਖ ਸੀਰੀਅਲ ਕਿਲਰ ਕਿਹਾ ਹੈ।

ਇਸ ਦੇ ਇਲਾਵਾ ਐੱਫ. ਬੀ. ਆਈ. ਅਨੁਸਾਰ ਇਸ ਹਤਿਆਰੇ ਨੇ ਉਨ੍ਹਾਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜੋ ਕਿ ਵੇਸਵਾ ਵਿਰਤੀ ਜਾਂ ਨਸ਼ਿਆਂ ਵਿਚ ਸ਼ਾਮਲ ਸਨ। ਅਕਤੂਬਰ 2019 ਵਿਚ ਐੱਫ. ਬੀ. ਆਈ. ਅਧਿਕਾਰੀਆਂ ਨੇ ਦੱਸਿਆ ਸੀ ਕਿ ਲਿਟਲ ਦੁਆਰਾ 93 ਕਤਲਾਂ ਦੇ ਇਕਰਾਰਨਾਮੇ ਭਰੋਸੇਯੋਗ ਸਨ ਅਤੇ ਅਧਿਕਾਰੀਆਂ ਨੇ ਉਨ੍ਹਾਂ ਵਿਚੋਂ ਤਕਰੀਬਨ 50 ਦੀ ਤਸਦੀਕ ਵੀ ਕੀਤੀ ਸੀ।


Sanjeev

Content Editor

Related News