ਪੱਛਮੀ ਏਸ਼ੀਆ ''ਚ ਹੋਰ 3 ਹਜ਼ਾਰ ਫੌਜੀ ਹੋਰ ਭੇਜ ਰਿਹੈ ਅਮਰੀਕਾ

01/04/2020 3:23:12 AM

ਵਾਸ਼ਿੰਗਟਨ - ਅਮਰੀਕਾ ਦੇ ਹਮਲੇ 'ਚ ਇਕ ਈਰਾਨੀ ਜਨਰਲ ਦੇ ਮਾਰੇ ਜਾਣ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੱਛਮੀ ਏਸ਼ੀਆ 'ਚ ਵਾਸ਼ਿੰਗਟਨ 3 ਹਜ਼ਾਰ ਫੌਜੀ ਹੋਰ ਭੇਜ ਰਿਹਾ ਹੈ। ਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਪਣੀ ਪਛਾਣ ਉਜ਼ਾਗਰ ਨਾ ਕਰਨ ਦੀ ਸ਼ਰਤ 'ਤੇ ਅਧਿਕਾਰੀਆਂ ਨੇ ਉਸ ਫੈਸਲੇ ਦੇ ਬਾਰੇ 'ਚ ਦੱਸਿਆ ਕਿ ਜਿਸ ਦੀ ਪੈਂਟਾਗਨ ਤੋਂ ਅਜੇ ਐਲਾਨ ਹੋਣਾ ਬਾਕੀ ਹੈ।



ਅਧਿਕਾਰੀਆਂ ਮੁਤਾਬਕ ਇਹ ਫੌਜੀ ਉੱਤਰੀ ਕੈਰੋਲੀਨਾ ਦੇ ਫੋਰਟ ਬ੍ਰੈਗ ਦੀ 82ਵੀਂ ਏਅਰਬੋਰਨ ਡਿਵੀਜ਼ਨ ਤੋਂ ਹਨ। ਇਹ ਫੌਜੀ 82ਵੀਂ ਏਅਰਬੋਰਨ ਡਿਵੀਜ਼ਨ ਦੇ ਉਨ੍ਹਾਂ 700 ਫੌਜੀਆਂ ਦੇ ਨਾਲ ਹੋਣਗੇ ਜਿਨ੍ਹਾਂ ਨੇ ਈਰਾਨ ਸਮਰਥਿਤ ਮਿਲੀਸ਼ੀਆ ਦੇ ਲੋਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਬਗਦਾਦ 'ਚ ਅਮਰੀਕੀ ਦੂਤਘਰ 'ਤੇ ਹਮਲਾ ਕਰਨ ਤੋਂ ਬਾਅਦ ਇਸ ਹਫਤੇ ਦੇ ਸ਼ੁਰੂ 'ਚ ਕੁਵੈਤ 'ਚ ਤੈਨਾਤ ਕੀਤਾ ਗਿਆ ਸੀ। ਹੋਰ ਫੌਜੀਆਂ ਨੂੰ ਭੇਜਣਾ ਵੀਰਵਾਰ ਨੂੰ ਈਰਾਨ ਦੇ ਕਵਾਡਸ ਫੋਰਸ ਦੇ ਕਮਾਂਡਰ ਕਾਸਿਮ ਸੋਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਈਰਾਨ ਦੀ ਬਦਲੇ ਦੀ ਕਾਰਵਾਈ ਕਰਨ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਨੂੰ ਦਰਸਾਉਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੀ ਸੋਲੇਮਾਨੀ 'ਤੇ ਹਮਲੇ ਦਾ ਆਦੇਸ਼ ਦਿੱਤਾ ਸੀ। ਇਸ ਹਫਤੇ ਫੌਜੀਆਂ ਦੀ ਤੈਨਾਤੀ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਮਈ ਤੋਂ 14 ਹਜ਼ਾਰ ਹੋਰ ਫੌਜੀਆਂ ਨੂੰ ਪੱਛਮੀ ਏਸ਼ੀਆ ਭੇਜਿਆ ਹੈ। ਮਈ 'ਚ ਟਰੰਪ ਪ੍ਰਸ਼ਾਸਨ ਨੇ ਜਨਤਕ ਰੂਪ ਤੋਂ ਦਾਅਵਾ ਕੀਤਾ ਸੀ ਕਿ ਈਰਾਨ ਅਮਰੀਕੀ ਹਿੱਤਾਂ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ।

Khushdeep Jassi

This news is Content Editor Khushdeep Jassi