‘ਅਮਰੀਕਾ ਨੇ ਦੱਖਣੀ ਚੀਨ ਸਾਗਰ ’ਚ ਭੇਜੇ ਜੰਗੀ ਬੇੜੇ’

01/24/2021 10:53:12 PM

ਵਾਸ਼ਿੰਗਟਨ  (ਯੂ. ਐੱਨ. ਆਈ.)–ਚੀਨ ਨੇ ਤਾਈਵਾਨ ਦੇ ਹਵਾਈ ਖੇਤਰ ਵਿਚ ਆਪਣੇ ਲੜਾਕੂ ਜਹਾਜ਼ ਭੇਜੇ ਸਨ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਲਗਾਤਾਰ ਵਧ ਰਿਹਾ ਹੈ।ਹੁਣ ਅਮਰੀਕਾ ਨੇ ਤਾਈਵਾਨ ਦਾ ਸਾਥ ਦਿੰਦਿਆਂ ਇਕ ਵੱਡਾ ਕਦਮ ਚੁੱਕਿਆ ਹੈ ਅਤੇ ਦੱਖਣੀ ਚੀਨ ਸਾਗਰ ਵਿਚ ਆਪਣੇ ਜਹਾਜ਼-ਢੋਊ ਜੰਗੀ ਬੇੜੇ ਭੇਜ ਦਿੱਤੇ ਹਨ। ਅਮਰੀਕਾ ਦੀ ਨਵੀਂ ਸਰਕਾਰ ਦੇ ਇਸ ਕਦਮ ਤੋਂ ਅਜਿਹੇ ਸੰਕੇਤ ਵੀ ਮਿਲ ਰਹੇ ਹਨ ਕਿ ਚੀਨ ਪ੍ਰਤੀ ਅਮਰੀਕਾ ਦੀ ਨੀਤੀ ਵਿਚ ਕੋਈ ਤਬਦੀਲੀ ਨਹੀਂ ਆਈ।

ਇਹ ਵੀ ਪੜ੍ਹੋ -ਨਵਾਜ਼ ਸ਼ਰੀਫ ਦੇ ਬੇਟੇ ਵਲੋਂ ਇਮਰਾਨ ਨੂੰ ਖੁੱਲ੍ਹੀ ਚੁਣੌਤੀ, ਕਿਹਾ- ਪਰਿਵਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਦਿਖਾਓ ਸਬੂਤ

ਇਸ ਮਾਮਲੇ ਵਿਚ ਅਮਰੀਕੀ ਸੈਨਾ ਨੇ ਦੱਸਿਆ ਕਿ ਯੂ. ਐੱਸ. ਐੱਸ. ਥਿਓਡੋਰ ਰੂਜ਼ਵੈਲਟ ਦੀ ਅਗਵਾਈ ਹੇਠ ਜਹਾਜ਼-ਢੋਊ ਜੰਗੀ ਬੇੜਿਆਂ ਦਾ ਸਮੂਹ ‘ਫ੍ਰੀਡਮ ਆਫ ਸੀ’ ਨੂੰ ਯਕੀਨੀ ਬਣਾਉਣ ਲਈ ਦੱਖਣੀ ਚੀਨ ਸਾਗਰ ਵਿਚ ਦਾਖਲ ਹੋਇਆ ਹੈ। ਅਮਰੀਕਾ ਨੇ ਇਹ ਕਦਮ ਅਜਿਹੇ ਵੇਲੇ ਚੁੱਕਿਆ ਹੈ ਜਦੋਂ ਚੀਨ ਤੇ ਤਾਈਵਾਨ ਦਰਮਿਆਨ ਵਿਵਾਦ ਮੁੜ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਂਡ ਨੇ ਬਿਆਨ ਵਿਚ ਕਿਹਾ ਕਿ ਜਹਾਜ਼-ਢੋਊ ਜੰਗੀ ਬੇੜਿਆਂ ਦਾ ਸਮੂਹ ਸ਼ਨੀਵਾਰ ਨੂੰ ਦੱਖਣੀ ਚੀਨ ਸਾਗਰ ਵਿਚ ਦਾਖਲ ਹੋਇਆ ਸੀ।

ਇਹ ਵੀ ਪੜ੍ਹੋ -ਚਿੱਲੀ 'ਚ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ

‘ਤਾਈਵਾਨ ’ਚ ਚੀਨ ਨੇ ਭੇਜੇ ਸਨ ਲੜਾਕੂ ਜਹਾਜ਼’
ਇਹ ਉਹੀ ਦਿਨ ਹੈ ਜਦੋਂ ਚੀਨ ਨੇ ਆਪਣੇ ਬੰਬ-ਵਰ੍ਹਾਊ ਤੇ ਲੜਾਕੂ ਜਹਾਜ਼ ਤਾਈਵਾਨ ਦੇ ਹਵਾਈ ਖੇਤਰ ਵਿਚ ਭੇਜੇ ਸਨ। ਜਹਾਜ਼-ਢੋਊ ਜੰਗੀ ਬੇੜਿਆਂ ਦਾ ਸਮੂਹ ਉਸੇ ਥਾਂ ’ਤੇ ਮੌਜੂਦ ਰਿਹਾ ਜਿਸ ਨੂੰ ਚੀਨ ਆਪਣਾ ਖੇਤਰ ਦੱਸਦਾ ਹੈ। ਇਸ ਸਮੂਹ ਦੇ ਕਮਾਂਡਰ ਡਫ ਵੇਰੀਸਿਮੋ ਨੇ ਕਿਹਾ,‘‘ਆਪਣੇ 30 ਸਾਲ ਦੇ ਕਰੀਅਰ ਵਿਚ ਇਸ ਪਾਣੀ ’ਤੇ ਯਾਤਰਾ ਕਰਨ ਤੋਂ ਬਾਅਦ ਇਕ ਵਾਰ ਫਿਰ ਦੱਖਣੀ ਚੀਨ ਸਾਗਰ ਵਿਚ ਆਉਣਾ, ਰੁਟੀਨ ਆਪ੍ਰੇਸ਼ਨ ਨੂੰ ਯਕੀਨੀ ਬਣਾਉਣਾ, ਫ੍ਰੀਡਮ ਆਫ ਸੀ ਦਾ ਪ੍ਰਚਾਰ ਕਰਨਾ ਅਤੇ ਆਪਣੇ ਸਹਾਇਕਾਂ ਨੂੰ ਭਰੋਸੇ ’ਚ ਲੈਣਾ ਚੰਗਾ ਲੱਗ ਰਿਹਾ ਹੈ।’’ਦੱਖਣੀ ਚੀਨ ਸਾਗਰ ਉਹ ਖੇਤਰ ਹੈ ਜਿੱਥੇ ਦੁਨੀਆ ਦਾ ਦੋ ਤਿਹਾਈ ਵਪਾਰ ਆਉਂਦਾ-ਜਾਂਦਾ ਹੈ। ਅਜਿਹੀ ਹਾਲਤ ਵਿਚ ਇੱਥੇ ਕਿਸੇ ਇਕ ਦੇਸ਼ ਦਾ ਕਬਜ਼ਾ ਸਾਬਤ ਕਰਨਾ ਬਾਕੀਆਂ ਲਈ ਮੁਸ਼ਕਲਾਂ ਪੈਦਾ ਕਰਦਾ ਹੈ।

ਇਹ ਵੀ ਪੜ੍ਹੋ -ਅਮਰੀਕਾ : ਬਾਈਡੇਨ ਪ੍ਰਸ਼ਾਸਨ ਕਰੇਗਾ ਤਾਲਿਬਾਨ ਨਾਲ ਹੋਏ ਸ਼ਾਂਤੀ ਸਮਝੌਤੇ ਦੀ ਸਮੀਖਿਆ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar