US ਸੈਨੇਟ 'ਚ ਚੀਨੀ ਅਧਿਕਾਰੀਆਂ ਦੇ ਵੀਜ਼ਾ 'ਤੇ ਰੋਕ ਲਗਾਉਣ ਸਬੰਧੀ ਬਿੱਲ ਪਾਸ

12/12/2018 5:20:16 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਸੰਸਦ ਦੇ ਉੱਚ ਸਦਨ ਸੈਨੇਟ ਵਿਚ ਬੁੱਧਵਾਰ ਨੂੰ ਚੀਨ ਨੂੰ ਲੈ ਕੇ ਇਕ ਖਾਸ ਬਿੱਲ ਪਾਸ ਕੀਤਾ ਗਿਆ। ਇਸ ਬਿੱਲ ਵਿਚ ਚੀਨ ਦੇ ਉਨ੍ਹਾਂ ਅਧਿਕਾਰੀਆਂ ਦੇ ਵੀਜ਼ਾ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਹੈ ਜੋ ਅਮਰੀਕੀ ਨਾਗਰਿਕਾਂ, ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਤਿੱਬਤ ਜਾਣ ਦੀ ਇਜਾਜ਼ਤ ਨਹੀਂ ਦਿੰਦੇ। ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਤੋਂ ''ਦੀ ਰੈਸੀਪ੍ਰੋਕਲ ਐਕਸੈੱਸ ਟੂ ਤਿੱਬਤ ਐਕਟ'' ਬਿੱਲ ਬੀਤੇ ਸਤੰਬਰ ਮਹੀਨੇ ਵਿਚ ਪਾਸ ਹੋ ਗਿਆ ਸੀ। ਇਸ ਬਿੱਲ ਵਿਚ ਅਮਰੀਕੀ ਨਾਗਰਿਕਾਂ, ਪੱਤਰਕਾਰਾਂ ਅਤੇ ਅਧਿਕਾਰੀਆਂ ਦੇ ਤਿੱਬਤ ਵਿਚ ਬਿਨਾਂ ਕਿਸੇ ਰੁਕਾਵਟ ਦੇ ਆਉਣ-ਜਾਣ ਦੀ ਮੰਗ ਕੀਤੀ ਗਈ। ਇਸ ਬਿੱਲ ਨੂੰ ਹੁਣ ਵ੍ਹਾਈਟ ਹਾਊਸ ਭੇਜਿਆ ਜਾਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਦੇ ਬਾਅਦ ਇਹ ਕਾਨੂੰਨ ਬਣ ਜਾਵੇਗਾ।

ਇਸ ਬਿੱਲ ਨੂੰ ਲਿਆਉਣ ਵਾਲੇ ਸੈਨੇਟਰ ਮੈਕਰੋ ਰੂਬਿਓ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਬਿੱਲ 'ਤੇ ਹੁਣ ਸਿਰਫ ਰਾਸ਼ਟਰਪਤੀ ਦੇ ਦਸਤਖਤ ਦਾ ਇੰਤਜ਼ਾਰ ਹੈ।'' ਜਦਕਿ ਸੈਨੇਟਰ ਰੌਬਰਟ ਮੇਂਡੇਜ ਨ ਕਿਹਾ,''ਇਹ ਬਿੱਲ ਸਾਡੇ ਮੁੱਲਾਂ ਦੇ ਲਿਹਾਜ ਨਾਲ ਮਹੱਤਵਪੂਰਨ ਹੈ। ਇਹ ਮੌਲਿਕ ਨਿਰਪੱਖਤਾ ਲਈ ਹੈ। ਚੀਨੀ ਨਾਗਰਿਕਾਂ ਨੂੰ ਅਮਰੀਕਾ ਵਿਚ ਕਿਤੇ ਵੀ ਆਉਣ-ਜਾਣ ਦੀ ਪੂਰੀ ਛੋਟ ਹੈ। ਜੇ ਚੀਨ ਚਾਹੁੰਦਾ ਹੈ ਕਿ ਉਸ ਦੇ ਸੈਲਾਨੀਆਂ, ਅਧਿਕਾਰੀਆਂ, ਪੱਤਰਕਾਰਾਂ ਅਤੇ ਆਮ ਨਾਗਰਿਕਾਂ ਨੂੰ ਅਮਰੀਕਾ ਵਿਚ ਇਹ ਸਹੂਲਤ ਮਿਲਦੀ ਰਹੇ ਤਾਂ ਉਸ ਨੂੰ ਵੀ ਅਮਰੀਕੀ ਨਾਗਰਿਕਾਂ ਨੂੰ ਤਿੱਬਤ ਸਮੇਤ ਚੀਨ ਵਿਚ ਇਸੇ ਤਰ੍ਹਾਂ ਦੀ ਛੋਟ ਦੇਣੀ ਹੋਵੇਗੀ।''