ਸ਼ਟਡਾਊਨ ਖਤਮ ਕਰਨ ਦੇ ਪ੍ਰਸਤਾਵਾਂ ''ਤੇ ਅਮਰੀਕੀ ਸੈਨੇਟ ਕੱਲ੍ਹ ਕਰੇਗਾ ਵੋਟਿੰਗ

01/23/2019 1:23:39 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੈਨੇਟ ਦੇ ਮੈਂਬਰ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜਾਰੀ ਸਰਕਾਰੀ ਅੰਸ਼ਕ ਬੰਦ ਨੂੰ ਖਤਮ ਕਰਨ ਦੇ ਮੁਕਾਬਲਾ ਪ੍ਰਸਤਾਵਾਂ 'ਤੇ ਕੱਲ੍ਹ ਭਾਵ ਵੀਰਵਾਰ ਨੂੰ ਵੋਟਿੰਗ ਕਰਨ 'ਤੇ ਸਹਿਮਤ ਹੋ ਗਏ ਹਨ। ਪਰ ਇਸ ਗੱਲ ਦੀ ਉਮੀਦ ਬਹੁਤ ਘੱਟ ਹੈ ਕਿ ਕਿਸੇ ਵੀ ਪ੍ਰਸਤਾਵ ਨਾਲ ਫੈਡਰਲ ਏਜੰਸੀਆਂ ਦਾ ਕੰਮ ਦੁਬਾਰਾ ਸ਼ੁਰੂ ਹੋ ਪਾਏਗਾ। ਸੈਨੇਟ ਵਿਚ ਬਹੁਮਤ ਦੇ ਨੇਤਾ ਮਿਚ ਮੈਕੋਨਲ ਅਤੇ ਸੀਨੀਅਰ ਡੈਮੋਕ੍ਰੇਟ ਚੱਕ ਸ਼ੂਮਰ ਨੇ ਮੰਗਲਵਾਰ ਨੂੰ ਸੈਨੇਟ ਵਿਚ ਦੋ ਪ੍ਰਸਤਾਵਾਂ 'ਤੇ ਵੋਟਿੰਗ ਸਬੰਧੀ ਸਮਝੌਤਿਆਂ ਦਾ ਐਲਾਨ ਕੀਤਾ। 

ਪਹਿਲੀ ਵੋਟਿੰਗ ਸਤੰਬਰ ਤੱਕ ਸਰਕਾਰ ਦੀਆਂ ਸਾਰੀਆਂ ਬੰਦ ਬ੍ਰਾਂਚਾਂ ਨੂੰ ਫੰਡ ਮੁਹੱਈਆ ਕਰਾਉਣ ਵਾਲੇ ਉਪਾਆਂ 'ਤੇ ਪ੍ਰਕਿਰਿਆਤਮਕ ਕਦਮ ਹੋਵੇਗਾ ਅਤੇ ਇਸ ਵਿਚ ਮੈਕਸੀਕੋ ਨਾਲ ਲੱਗਦੀ ਕੰਧ ਲਈ ਧਨ ਮੁਹੱਈਆ ਕਰਾਉਣ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ ਅਤੇ ਇਮੀਗ੍ਰੇਸ਼ਨ ਨੀਤੀ 'ਤੇ ਉਨ੍ਹਾਂ ਦਾ ਪ੍ਰਸਤਾਵ ਸ਼ਾਮਲ ਹੋਵੇਗਾ। ਦੂਜੀ ਵੋਟਿੰਗ 8 ਫਰਵਰੀ ਤੱਕ ਸਰਕਾਰ ਨੂੰ ਧਨ ਮੁਹੱਈਆ ਕਰਾਉਣ ਵਾਲੇ ਅਸਥਾਈ ਉਪਾਅ 'ਤੇ ਹੋਵੇਗੀ, ਜੋ ਸੀਮਾ ਸੁਰੱਖਿਆ ਅਤੇ ਇਮੀਗ੍ਰੇਸ਼ਨ 'ਤੇ ਬਹਿਸ ਅਤੇ ਟਰੰਪ ਨੂੰ ਕਾਂਗਰਸ ਦੇ ਸਾਹਮਣੇ 'ਸਟੇਟ ਆਫ ਦੀ ਯੂਨੀਅਨ' ਸੰਬੋਧਨ ਦੇਣ ਦੀ ਯੋਜਨਾ ਦੇ ਨਾਲ ਅੱਗੇ ਵਧਣ ਦੀ ਇਜਾਜ਼ਤ ਦੇਵੇਗਾ। 

ਹਰ ਪ੍ਰਸਤਾਵ ਨੂੰ ਪਾਸ ਹੋਣ ਲਈ 100 ਮੈਂਬਰੀ ਸਦਨ ਵਿਚ 60 ਵੋਟਾਂ ਦੀ ਲੋੜ ਹੋਵੇਗੀ। ਮੌਜੂਦਾ ਹਾਲਾਤ ਵਿਚ ਇਸ ਗਿਣਤੀ ਨੂੰ ਹਾਸਲ ਕਰਨਾ ਮੁਸ਼ਕਲ ਲੱਗ ਰਿਹਾ ਹੈ। ਇਕ ਸੀਨੀਅਰ ਰੀਪਬਲਿਕਨ ਸੈਨੇਟ ਦੇ ਸਹਿਯੋਗੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਰੀਪਬਲਿਕ ਪਾਰਟੀ ਦੇ ਨੇਤਾ ਛੋਟੀ ਮਿਆਦ ਵਾਲੇ ਫੰਡ ਬਿੱਲ ਨੂੰ ਮਨਜ਼ੂਰੀ ਦੇਣਗੇ ਅਤੇ ਜੇਕਰ ਉਹ ਅਜਿਹਾ ਕਰਦੇ ਵੀ ਹਨ ਤਾਂ ਰਾਸ਼ਟਰਪਤੀ ਇਸ 'ਤੇ ਦਸਤਖਤ ਨਹੀਂ ਕਰਨਗੇ। ਪਰ ਡੈਮੋਕ੍ਰੇਟਿਕ ਨੇਤਾ ਨੇ ਕਿਹਾ,''ਇਸ ਵੋਟਿੰਗ ਨਾਲ ਅਸੀਂ ਉਸ ਦਲਦਲ ਵਿਚੋਂ ਬਾਹਰ ਨਿਕਲ ਸਕਦੇ ਹਾਂ ਜਿਸ ਵਿਚ ਇਸ ਸਮੇਂ ਅਸੀਂ ਹਾਂ।'' ਉਨ੍ਹਾਂ ਨੇ ਕੁਝ ਸਮੇਂ ਲਈ ਮੁੱਖ ਰੂਪ ਵਿਚ ਸਰਕਾਰ ਦਾ ਕੰਮਕਾਜ ਸ਼ੁਰੂ ਕਰਨ ਸਬੰਧੀ ਅਸਥਾਈ ਬਿੱਲ 'ਤੇ ਦਸਤਖਤ ਕਰਨ ਲਈ ਰੀਪਬਲਿਕ ਪਾਰਟੀ ਦੇ ਨੇਤਾਵਾਂ ਨੂੰ ਉਤਸ਼ਾਹਿਤ ਕੀਤਾ।

Vandana

This news is Content Editor Vandana