US ਨੇ ਦਿੱਤੀ ਚਾਈਨੀਜ਼ ਕੰਪਨੀ Huawei ਨੂੰ ਰਾਹਤ, 90 ਦਿਨਾਂ ਲਈ ਹਟਾਇਆ ਬੈਨ

05/21/2019 5:08:30 PM

ਵਾਸ਼ਿੰਗਟਨ — ਅਮਰੀਕਾ ਦੇ ਅਧਿਕਾਰੀਆਂ ਨੇ ਚੀਨ ਦੀ ਤਕਨਾਲੋਜੀ ਕੰਪਨੀ ਹੁਆਵੇਈ 'ਤੇ ਲਗਾਈ ਗਈ ਰੋਕ ਦੇ ਫੈਸਲੇ ਨੂੰ ਫਿਲਹਾਲ 90 ਦਿਨਾਂ ਲਈ ਟਾਲ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਭਾਰੀ ਪੇਰਸ਼ਾਨੀਆਂ ਨੂੰ ਰੋਕਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਇਸ ਰਾਹਤ ਦੇ ਕਾਰਨ ਬੈਨ ਦੇ ਫੈਸਲੇ 'ਤੇ ਅਸਰ ਨਹੀਂ ਪਵੇਗਾ।
ਟਰੰਪ ਪ੍ਰਸ਼ਾਸਨ ਦੇ ਵਣਜ ਵਿਭਾਗ ਦੁਆਰਾ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਇਹ ਰੋਕ ਅਸਥਾਈ ਹੈ ਅਤੇ ਇਸ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਕੰਪਨੀ 'ਤੇ ਲਗਾਈ ਗਈ ਰੋਕ ਦੇ ਫੈਸਲੇ ਵਿਚ ਕੋਈ ਬਦਲਾਅ ਨਹੀਂ ਆਵੇਗਾ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਅਮਰੀਕਾ ਅਤੇ ਚੀਨ ਦੀ ਤਕਨਾਲੋਜੀ ਕੰਪਨੀ 'ਤੇ ਡੂੰਘਾ ਅਸਰ ਪਵੇਗਾ। ਇਸ ਦੇ ਬਦਲੇ ਉਹ ਹੁਆਵੇਈ ਨੂੰ ਅਸਥਾਈ ਲਾਇਸੈਂਸ ਪ੍ਰਦਾਨ ਕਰੇਗਾ ਜਿਸ ਨਾਲ ਕਿ ਹੁਆਵੇਈ ਅਮਰੀਕੀ ਕੰਪਨੀਆਂ ਨਾਲ ਕਾਰੋਬਾਰ ਜਾਰੀ ਰੱਖ ਸਕੇ।

ਵਣਜ ਮੰਤਰੀ ਵਿਲਬਰ ਰਾਸ ਨੇ ਕਿਹਾ, ' ਅਸਥਾਈ ਆਮ ਲਾਇਸੈਂਸ ਨਾਲ ਆਪਰੇਟਰਾਂ ਨੂੰ ਕਾਰੋਬਾਰ ਜਾਰੀ ਰੱਖਣ ਲਈ ਦੂਜੀ ਵਿਵਸਥਾ ਕਰਨ ਦਾ ਸਮਾਂ ਮਿਲ ਜਾਂਦਾ ਹੈ ਅਤੇ ਵਿਭਾਗ ਜ਼ਰੂਰੀ ਸੇਵਾਵਾਂ ਲਈ ਹੁਆਵੇਈ ਦੇ ਸਾਜ਼ੋ-ਸਮਾਨ 'ਤੇ ਨਿਰਭਰ ਅਮਰੀਕਾ ਅਤੇ ਵਿਦੇਸ਼ੀ ਦੂਰ-ਸੰਚਾਰ ਕੰਪਨੀਆਂ ਲਈ ਉਪਾਅ ਕਰ ਸਕੇਗਾ। ਦੂਜੇ ਸ਼ਬਦਾਂ ਵਿਚ ਕਿਹਾ ਜਾਏ ਤਾਂ ਇਹ ਲਾਇਸੈਂਸ ਦੂਰਸੰਚਾਰ  ਸੇਵਾ ਕੰਪਨੀਆਂ ਨੂੰ ਮੌਜੂਦਾ ਹੁਆਵੇਈ ਮੋਬਾਈਲ ਫੋਨ ਅਤੇ ਪੇਂਡੂ ਬ੍ਰਾਂਡਬੈਂਡ ਨੈਟਵਰਕ ਨੂੰ ਜਾਰੀ ਰੱਖਣ ਦੀ ਸਹੂਲਤ ਦੇਵੇਗਾ। ਦੂਜੇ ਪਾਸੇ ਹੁਆਵੇਈ ਦੇ ਬਾਨੀ ਨੇ ਬੀਜਿੰਗ ਵਿਚ ਕਿਹਾ ਕਿ ਅਮਰੀਕਾ ਕੰਪਨੀ ਦੀ ਤਾਕਤ ਦਾ ਅੰਦਾਜ਼ਾ ਸਹੀ ਨਹੀਂ ਲਗਾ ਰਿਹਾ ਹੈ।

ਹੁਆਵੇਈ ਦੇ ਬਾਨੀ ਰੇਨ ਝੇਂਗਫਈ ਨੇ ਕੰਪਨੀ 'ਤੇ ਰੋਕ ਲਗਾਉਣ ਦੀਆਂ ਅਮਰੀਕਾ ਦੀਆਂ ਕੋਸ਼ਿਸ਼ਾਂ 'ਤੇ ਸਖਤ ਰੁਖ ਅਪਨਾਉਂਦੇ ਹੋਏ ਕਿਹਾ ਹੈ ਕਿ ਅਮਰੀਕਾ ਕੰਪਨੀ ਦੀ ਤਾਕਤ ਦਾ ਸਹੀ ਅੰਦਾਜ਼ਾ ਨਹੀਂ ਲਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਵਿਵਹਾਰ ਤੋਂ ਲਗਦਾ ਹੈ ਕਿ ਉਹ ਸਾਡੀ ਤਾਕਤ ਦਾ ਸਹੀ ਅੰਦਾਜ਼ਾ ਨਹੀਂ ਲਗਾ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 5ਜੀ 'ਤੇ ਕੋਈ ਅਸਰ ਨਹੀਂ ਹੋਵੇਗਾ। ਜਿਥੇ ਤੱਕ 5ਜੀ ਦੀ ਤਕਨਾਲੋਜੀ ਦਾ ਸਵਾਲ ਹੈ ਅਗਲੇ 2-3 ਸਾਲਾਂ ਤੱਕ ਕੋਈ ਵੀ ਹੁਆਵੇਈ ਦੇ ਬਰਾਬਰ ਵੀ ਨਹੀਂ ਪਹੁੰਚ ਸਕੇਗਾ।