PM ਮੋਦੀ ਖ਼ਿਲਾਫ਼ ਬਿਲਾਵਲ ਭੁੱਟੋ ਦੀ ਟਿੱਪਣੀ 'ਤੇ ਅਮਰੀਕਾ ਦੀ ਪ੍ਰਤੀਕਿਰਿਆ, ਕਿਹਾ-'ਸ਼ਬਦਾਂ ਦੀ ਜੰਗ' ਨਹੀਂ ਚਾਹੁੰਦੇ

12/20/2022 4:38:17 PM

ਵਾਸ਼ਿੰਗਟਨ (ਏਜੰਸੀ) ਅਮਰੀਕਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਭਾਰਤ ਅਤੇ ਪਾਕਿਸਤਾਨ ਨਾਲ ਬਹੁਪੱਖੀ ਸਬੰਧ ਹਨ। ਅਧਿਕਾਰੀ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਲੋਕਾਂ ਦੀ ਬਿਹਤਰੀ ਲਈ ਅਰਥਪੂਰਨ ਗੱਲਬਾਤ ਚਾਹੁੰਦੇ ਹਨ ਨਾ ਕਿ 'ਸ਼ਬਦਾਂ ਦੀ ਜੰਗ'। ਅਧਿਕਾਰੀ ਨੇ ਕਿਹਾ ਕਿ ਇਹ ਸਬੰਧ ਭਾਰਤ ਅਤੇ ਪਾਕਿਸਤਾਨ ਨਾਲ ਸਾਡੇ ਸਾਂਝੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹਨ।

ਭਾਰਤ ਨਾਲ ਗਲੋਬਲ ਰਣਨੀਤਕ ਭਾਈਵਾਲੀ

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਤੋਂ ਜਦੋਂ ਨਿਊਯਾਰਕ 'ਚ ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੀ ਗਈ ਤਾਜ਼ਾ ਟਿੱਪਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 'ਭਾਰਤ ਨਾਲ ਸਾਡੀ ਗਲੋਬਲ ਰਣਨੀਤਕ ਭਾਈਵਾਲੀ ਹੈ। ਮੈਂ ਪਾਕਿਸਤਾਨ ਨਾਲ ਸਾਡੇ ਡੂੰਘੇ ਸਬੰਧਾਂ ਬਾਰੇ ਵੀ ਗੱਲ ਕੀਤੀ ਹੈ। ਇਹਨਾਂ ਸਬੰਧਾਂ ਦਾ ਮਤਲਬ ਇੱਕ ਦਾ ਫਾਇਦਾ ਜਾਂ ਦੂਜੇ ਦਾ ਨੁਕਸਾਨ ਨਹੀਂ ਹੈ। ਅਸੀਂ ਉਨ੍ਹਾਂ ਨੂੰ ਇੱਕ-ਦੂਜੇ ਦੇ ਜੋੜ ਕੇ ਨਹੀਂ ਦੇਖਦੇ।'

ਭਾਰਤ-ਪਾਕਿਸਤਾਨ ਵਿਚਾਲੇ ਦੇਖਣਾ ਚਾਹੁੰਦੇ ਹਾਂ ਗੱਲਬਾਤ 

ਪ੍ਰਾਈਸ ਨੇ ਕਿਹਾ ਕਿ "ਹਕੀਕਤ ਇਹ ਹੈ ਕਿ ਸਾਡੀ ਦੋਵਾਂ ਦੇਸ਼ਾਂ ਨਾਲ ਸਾਂਝੇਦਾਰੀ ਹੈ ਅਤੇ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਬਦੀ ਜੰਗ ਨਹੀਂ ਦੇਖਣਾ ਚਾਹੁੰਦੇ। ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਰਥਕ ਗੱਲਬਾਤ ਦੇਖਣਾ ਚਾਹੁੰਦੇ ਹਾਂ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਪਾਕਿਸਤਾਨੀ ਅਤੇ ਭਾਰਤੀ ਲੋਕਾਂ ਦੀ ਬਿਹਤਰੀ ਲਈ ਜ਼ਰੂਰੀ ਹੈ। ਅਸੀਂ ਦੁਵੱਲੇ ਤੌਰ 'ਤੇ ਮਿਲ ਕੇ ਬਹੁਤ ਕੁਝ ਕਰ ਸਕਦੇ ਹਾਂ।'' ਉਨ੍ਹਾਂ ਕਿਹਾ ਕਿ ''ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁਝ ਮਤਭੇਦ ਹਨ ਜਿਨ੍ਹਾਂ ਨੂੰ ਨਿਸ਼ਚਿਤ ਤੌਰ 'ਤੇ ਹੱਲ ਕਰਨ ਦੀ ਲੋੜ ਹੈ। ਅਮਰੀਕਾ ਭਾਈਵਾਲ ਵਜੋਂ ਦੋਵਾਂ ਦੀ ਮਦਦ ਲਈ ਤਿਆਰ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਸੁਨੀਲ ਸਿੰਘ ਦੀ ਮਿਹਨਤ ਨੂੰ ਪਿਆ ਬੂਰ, ਅਮਰੀਕਾ 'ਚ ਬਣੇ 'ਪਿੱਜ਼ਾ ਕਿੰਗ'

ਭਾਰਤ ਨਾਲ ਮਜ਼ਬੂਤ ਸਾਂਝੇਦਾਰੀ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ "ਅਸੀਂ ਭਾਰਤ ਦੇ ਨਾਲ ਆਪਣੀ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ ਹੈ, ਸਾਡੇ ਕੋਲ ਅਜਿਹਾ ਰਿਸ਼ਤਾ ਵੀ ਹੈ ਜਿਸ ਵਿੱਚ ਅਸੀਂ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ।" ਸਾਡੇ ਵਿੱਚ ਅਸਹਿਮਤੀ ਜਾਂ ਚਿੰਤਾਵਾਂ ਹੋ ਸਕਦੀਆਂ ਹਨ, ਅਸੀਂ ਉਨ੍ਹਾਂ ਨਾਲ ਗੱਲ ਕਰਦੇ ਹਾਂ ਜਿਵੇਂ ਅਸੀਂ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਗੱਲ ਕਰਦੇ ਹਾਂ।

ਪੀ.ਐੱਮ ਮੋਦੀ ਦੇ ਬਿਆਨ ਦਾ ਸੁਆਗਤ

ਇਕ ਹੋਰ ਸਵਾਲ ਦੇ ਜਵਾਬ ਵਿਚ ਪ੍ਰਾਈਸ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਕਿ "ਇਹ ਯੁੱਧ ਦਾ ਯੁੱਗ ਨਹੀਂ ਹੈ" ਤਾਂ ਦੁਨੀਆ ਭਰ ਦੇ ਦੇਸ਼ਾਂ ਨੇ ਇਸ ਬਿਆਨ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ "ਇਹ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੇ ਰੂਸ ਨਾਲ ਅਜਿਹੇ ਸਬੰਧ ਹਨ ਜੋ ਅਮਰੀਕਾ ਦੇ ਨਹੀਂ ਹਨ।" ਮੈਂ ਇਹ ਕਹਿਣਾ ਚਾਹਾਂਗਾ ਕਿ ਦਹਾਕਿਆਂ ਤੋਂ ਰੂਸ ਨੇ ਭਾਰਤ ਨੂੰ ਭਾਈਵਾਲ ਬਣਾਉਣ ਲਈ ਕੰਮ ਕੀਤਾ ਹੈ, ਜੋ ਉਸ ਸਮੇਂ ਅਮਰੀਕਾ ਨੇ ਨਹੀਂ ਕੀਤਾ ਸੀ। ਸਪੱਸ਼ਟ ਹੈ ਕਿ ਇਹ ਹਾਲ ਹੀ ਦੇ ਦਹਾਕਿਆਂ ਵਿੱਚ ਬਦਲ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਚੀਨ-ਰੂਸ ਦੀਆਂ ਜਲ ਸੈਨਾਵਾਂ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਕਰਨਗੀਆਂ 'ਅਭਿਆਸ'

ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਨਜ਼ਦੀਕੀ ਸਬੰਧ

ਪ੍ਰਾਈਸ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਬਹੁਤ ਕੁਝ ਕਰ ਸਕਦੇ ਹਾਂ, ਨਾ ਸਿਰਫ ਸਾਡੇ ਦੋਵਾਂ ਦੇਸ਼ਾਂ ਲਈ, ਬਲਕਿ ਦੁਨੀਆ ਭਰ ਵਿੱਚ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਆਉਣ ਵਾਲੇ ਸਾਲ ਵਿੱਚ ਇਸਦੀ ਇੱਕ ਚੰਗੀ ਉਦਾਹਰਣ ਦੇਖਾਂਗੇ ਜਦੋਂ ਭਾਰਤ ਜੀ-20 ਦੀ ਮੇਜ਼ਬਾਨੀ ਕਰੇਗਾ। ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਡੂੰਘੇ ਹੁੰਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਾਈਸ ਨੇ ਕਿਹਾ ਕਿ ਦੋਵੇਂ ਦੇਸ਼ ਭਵਿੱਖ ਵਿੱਚ ਇੱਕ-ਦੂਜੇ ਦੇ ਨੇੜੇ ਆਉਣਗੇ। ਉਨ੍ਹਾਂ ਕਿਹਾ ਕਿ ਰੂਸ-ਭਾਰਤ ਸਬੰਧਾਂ ਵਿੱਚ ਵੀ ਬਦਲਾਅ ਆਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana