ਕੈਲੀਫੋਰਨੀਆ ਦੀ ਰੇਡੀਓ ਹੋਸਟ ਗੁੱਡੀ ਸਿੱਧੂ ਦਾ ਸੜਕ ਹਾਦਸੇ 'ਚ ਦਿਹਾਂਤ

10/07/2019 1:15:42 PM

ਫਰਿਜਨੋ, ( ਰਾਜ ਗੋਗਨਾ /ਨੀਟਾ ਮਾਛੀਕੇ)— ਕੈਲੇਫੋਰਨੀਆ 'ਚ ਭਰਵੀਂ ਪੰਜਾਬੀ ਵੱਸੋਂ ਵਾਲੇ ਸ਼ਹਿਰ ਫਰਿਜ਼ਨੋ ਦੀਆਂ ਸਮਾਜਿਕ, ਸਾਹਿਤਕ, ਸੱਭਿਆਚਾਰਕ ਗਤੀਵਿਧੀਆਂ ਦੀ ਰੂਹ ਗੁੱਡੀ ਸਿੱਧੂ ਦੇ ਇਕ ਸੜਕ ਹਾਦਸੇ ਵਿੱਚ ਅੱਜ ਮਾਰੇ ਜਾਣ ਨਾਲ ਫਰਿਜਨੋ ਇਲਾਕੇ ਦਾ ਪੂਰਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿੱਚ ਹੈ। ਗੁੱਡੀ ਸਿੱਧੂ ਬਠਿੰਡਾ ਤੋਂ ਸਨ। ਉਹ ਆਪਣੇ ਪਿੱਛੇ ਪਤੀ, ਦੋ ਧੀਆਂ ਤੇ ਇੱਕ ਪੁੱਤਰ ਛੱਡ ਗਏ ਹਨ।

 

PunjabKesari

ਮਿਲੀ ਜਾਣਕਾਰੀ ਮੁਤਾਬਕ ਮਸ਼ਹੂਰ ਰੇਡੀਓ ਹੋਸਟ ਗੁੱਡੀ ਸਿੱਧੂ ਨਾਲ ਐਸ਼ਲਿਨ ਐਵੇਨਿਊ ਤੇ ਕੁਰਨਿਲੀਆ ਐਵੇਨਿਊ 'ਤੇ ਕਰੀਬਨ 2.30 ਵਜੇ ਇੱਕ ਹਾਦਸਾ ਵਾਪਰ ਗਿਆ। ਸ਼ਾਇਦ ਉਹ ਗੁਰਦੁਆਰਾ ਸਿੰਘ ਸਭਾ ਤੋਂ ਦੁਪਹਿਰ ਦੇ ਦੀਵਾਨ ਮਗਰੋਂ ਆਪਣੀ ਕਾਰ ਲੈ ਕੇ ਨਿਕਲੇ ਹੀ ਸਨ ਕਿ ਉਹ ਕੰਟਰੋਲ ਖੋਹ ਬੈਠੇ, ਗੱਡੀ ਉਲਟ ਕੇ ਡਿੱਗੀ ਅਤੇ ਗੁੱਡੀ ਸਿੱਧੂ ਦੀ ਮੌਕੇ ਤੇ ਮੌਤ ਹੋ ਗਈ।

70 ਸਾਲਾ ਗੁੱਡੀ ਲੰਮੇ ਸਮੇਂ ਤੋਂ ਪੰਜਾਬੀ ਭਾਈਚਾਰੇ ਵਿੱਚ ਆਪਣੀਆਂ ਸੇਵਾਵਾਂ ਸਦਕੇ ਇੱਕ ਮੋਹਰੀ ਇਸਤਰੀ ਲੀਡਰ ਦੇ ਤੌਰ 'ਤੇ ਵਿਚਰ ਰਹੇ ਸਨ। ਹਰ ਕੋਈ ਫਰਿਜਨੋ ਸ਼ਹਿਰ ਵਿੱਚ ਉਨ੍ਹਾਂ ਦਾ ਇੱਜ਼ਤ ਨਾਲ ਨਾਮ ਲੈਂਦਾ ਸੀ। ਗੁੱਡੀ ਸਿੱਧੂ ਫਰਿਜਨੋ ਵਿੱਚ ਲੰਮੇ ਸਮੇਂ ਤੋਂ ਪੰਜਾਬੀ ਸਕੂਲ ਚਲਾਉਣ ਦੇ ਨਾਲ-ਨਾਲ ਪਿਛਲੇ 35 ਸਾਲਾਂ ਤੋਂ ਹਰ ਸਾਲ ਤੀਆਂ ਦਾ ਮੇਲਾ ਲਾਉਂਦੇ ਆ ਰਹੇ ਸਨ। ਉਹ 'ਸਿੱਖ ਵੂਮਨ ਆਰਗੇਨਾਈਜ਼ੇਸ਼ਨ' ਦੇ ਮੋਢੀ ਮੈਂਬਰ ਵੀ ਸਨ ਅਤੇ ਹੋਰ ਵੀ ਔਰਤਾਂ ਦੇ ਹਰ ਮਸਲੇ 'ਤੇ ਉਹ ਅਕਸਰ ਪਹਿਲ ਕਦਮੀਂ ਨਾਲ ਖੁੱਲ੍ਹ ਕੇ ਵਿਚਾਰ ਕਰਦੇ ਸਨ। ਗੁੱਡੀ ਸਿੱਧੂ ਦੇ ਇਸ ਤਰ੍ਹਾਂ ਅਚਾਨਕ ਤੁਰ ਜਾਣ ਨਾਲ ਫਰਿਜਨੋ ਦੇ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਦਾ ਘਰ ਬਾਹਰੋਂ ਆਏ ਕਲਾਕਾਰਾਂ,  ਸਾਹਿਤਕਾਰਾਂ ਲਈ ਨਿੱਘੀ ਠਹਿਰ ਰਿਹਾ ਹੈ। ਗੁੱਡੀ ਸਿੱਧੂ ਉਨਾਂ ਮਨੁੱਖੀ ਜਿਊੜਿਆਂ ਵਿੱਚੋਂ ਸੀ ਜੋ ਜ਼ਿੰਦਗੀ ਜਿਊਣ ਦੇ ਚਾਅ ਨਾਲ ਹਮੇਸ਼ਾਂ ਭਰੇ-ਭਕੁੰਨੇ ਤੇ ਲੋੜਵੰਦਾਂ ਦੇ ਕੰਮ ਆਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।  


Related News