ਅਮਰੀਕਾ 'ਚ ਲੱਗੇਗੀ 'ਤੀਆਂ ਦੇ ਮੇਲੇ' ਦੀ ਰੌਣਕ

07/10/2019 1:24:00 PM

ਸੈਕਰਾਮੈਂਟੋ,  (ਰਾਜ ਗੋਗਨਾ )— 'ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ' ਵੱਲੋਂ ਐਲਕ ਗਰੋਵ ਪਾਰਕ 'ਚ ਤੀਆਂ ਦਾ ਮੇਲਾ 11 ਅਗਸਤ, ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਸੰਬੰਧੀ ਗਿੱਧਾ ਟੀਮਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 'ਤੀਆਂ ਤੀਜ ਦੀਆਂ' ਨਾਂ ਹੇਠ ਮਨਾਈਆਂ ਜਾਂਦੀਆਂ ਇਨ੍ਹਾਂ ਤੀਆਂ 'ਚ ਗੀਤ-ਸੰਗੀਤ ਦੇ ਨਾਲ-ਨਾਲ ਗਿੱਧੇ ਦੀਆਂ ਧਮਾਲਾਂ, ਬੋਲੀਆਂ, ਸਕਿੱਟਾਂ, ਡੀ. ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ।

ਇਨ੍ਹਾਂ ਤੀਆਂ 'ਚ ਪੀਂਘਾਂ ਝੂਟਣ ਦਾ ਵਿਸ਼ੇਸ਼ ਪ੍ਰਬੰਧ ਹੁੰਦਾ ਹੈ। ਖਾਣ-ਪੀਣ ਤੋਂ ਇਲਾਵਾ ਕੱਪੜੇ, ਗਹਿਣੇ, ਮਹਿੰਦੀ, ਦੇਸੀ ਜੁੱਤੀਆਂ ਆਦਿ ਦੇ ਸਟਾਲ ਵੀ ਲੱਗਣਗੇ। ਇਹ ਮੇਲਾ ਸਿਰਫ ਔਰਤਾਂ ਲਈ ਹੈ ਅਤੇ ਦਾਖਲਾ ਤੇ ਪਾਰਕਿੰਗ ਬਿਲਕੁਲ ਮੁਫ਼ਤ ਹੈ।
ਤੁਹਾਨੂੰ ਦੱਸ ਦਈਏ ਕਿ ਵਿਦੇਸ਼ਾਂ 'ਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਅਜੋਕੀ ਪੀੜੀ ਨੂੰ ਪੰਜਾਬ ਦੇ ਮਹਾਨ ਵਿਰਸੇ ਤੋਂ ਜਾਣੂ ਕਰਵਾਉਣ ਲਈ ਮੁਹਿੰਮ ਵਿੱਢੀ ਜਾਂਦੀ ਹੈ।