ਅਮਰੀਕੀ ਰਾਸ਼ਟਰਪਤੀ ਟਰੰਪ ਪਤਨੀ ਮੇਲਾਨੀਆ ਨਾਲ ਭਾਰਤ ਫੇਰੀ 'ਤੇ ਰਵਾਨਾ

02/23/2020 8:20:34 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਨੂੰ ਲੈ ਕੇ ਪੂਰਾ ਭਾਰਤ ਉਤਸੁਕ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਤੇ ਅਮਰੀਕੀ ਫਸਟ ਲੇਡੀ ਮੇਲਾਨੀਆ ਟਰੰਪ ਨਾਲ ਭਾਰਤ ਫੇਰੀ ਲਈ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹਨਾਂ ਦੇ ਨਾਲ ਉੱਚ ਅਧਿਕਾਰੀਆਂ ਦਾ ਵਫਦ ਵੀ ਮੌਜੂਦ ਹੈ। 

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ 24 ਅਤੇ 25 ਫਰਵਰੀ ਨੂੰ ਭਾਰਤ ਦੀ ਯਾਤਰਾ 'ਤੇ ਹੋਣਗੇ। ਇਸੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਭਾਰਤ, ਡੋਨਾਲਡ ਟਰੰਪ ਦਾ ਸਵਾਗਤ ਕਰਨ ਲਈ ਉਤਸੁਕ ਹੈ। ਇੱਥੇ ਦੱਸ ਦੇਈਏ ਕਿ ਟਰੰਪ ਅਤੇ ਮੋਦੀ ਅਹਿਮਦਾਬਾਦ ਕੌਮਾਂਤਰੀ ਹਵਾਈ ਅੱਡੇ ਤੋਂ 22 ਕਿਲੋਮੀਟਰ ਤਕ ਦਾ ਰੋਡ ਸ਼ੋਅ ਕਰਨਗੇ। ਇਸ ਤੋਂ ਬਾਅਦ ਉਹ ਮੋਟੇਰਾ ਸ਼ਹਿਰ ਵਿਚ ਨਵੇਂ ਬਣੇ ਸਰਦਾਰ ਪਟੇਲ ਸਟੇਡੀਅਮ 'ਚ ਆਯੋਜਿਤ 'ਨਮਸਤੇ ਟਰੰਪ' ਪ੍ਰੋਗਰਾਮ ਲਈ ਜਾਣਗੇ, ਜਿਸ 'ਚ 1 ਲੱਖ ਤੋਂ ਵਧੇਰੇ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਤਾਜ ਨਗਰੀ ਆਗਰਾ ਲਈ ਰਵਾਨਾ ਹੋਣਗੇ ਅਤੇ ਤਾਜ ਮਹਿਲ ਦਾ ਦੀਦਾਰ ਕਰਨਗੇ। 

25 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਦਾ ਰਾਸ਼ਟਰਪਤੀ ਭਵਨ 'ਚ ਰਸਮੀ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਟਰੰਪ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਰਾਜਘਾਟ 'ਚ ਉਹਨਾਂ ਦੀ ਸਮਾਧੀ 'ਤੇ ਜਾਣਗੇ। ਇਸ ਤੋਂ ਬਾਅਦ ਟਰੰਪ ਅਤੇ ਮੋਦੀ ਵਿਚਾਲੇ ਹੈਦਰਾਬਾਦ ਹਾਊਸ 'ਚ ਵਫਦ ਪੱਧਰ ਦੀ ਗੱਲਬਾਤ ਹੋਵੇਗੀ। ਇਸ ਤੋਂ ਬਾਅਦ ਰਾਤ 10 ਵਜੇ ਟਰੰਪ ਅਤੇ ਮੇਲਾਨੀਆ ਅਮਰੀਕਾ ਲਈ ਰਵਾਨਾ ਹੋਣਗੇ।


Baljit Singh

Content Editor

Related News