H-1B ਵੀਜ਼ਾ ਧਾਰਕਾਂ ਦੇ ਜੀਵਨਸਾਥੀ ਦੇ ਵਰਕ ਪਰਮਿਟ ਨੂੰ ਬਚਾਉਣ ਲਈ ਅਮਰੀਕੀ ਸੰਸਦ ''ਚ ਬਿੱਲ ਪੇਸ਼

11/17/2018 7:49:36 PM

ਵਾਸ਼ਿੰਗਟਨ— ਟਰੰਪ ਸਰਕਾਰ ਨੂੰ ਐੱਚ-1 ਬੀ. ਵੀਜ਼ਾ ਧਾਰਕਾਂ ਦੇ ਜੀਵਨਸਾਥੀ ਦੀ ਕੰਮ ਕਰਨ ਦੀ ਮਨਜ਼ੂਰੀ (ਵਰਕ ਪਰਮਿਟ) ਨੂੰ ਖਤਮ ਕਰਨ ਤੋਂ ਰੋਕਣ ਲਈ ਅਮਰੀਕੀ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਗਿਆ ਹੈ । 2 ਅਮਰੀਕੀ ਸੰਸਦ ਮੈਂਬਰਾਂ ਅੰਨਾ ਜੀ ਇਸ਼ੂ ਅਤੇ ਜੋ ਲਾਫਗ੍ਰੇਨ ਨੇ ਇਹ ਬਿੱਲ ਪੇਸ਼ ਕੀਤਾ । ਉਨ੍ਹਾਂ ਦਾ ਕਹਿਣਾ ਹੈ ਕਿ ਐੱਚ-1 ਬੀ. ਵੀਜ਼ਾ ਧਾਰਕਾਂ ਦੇ ਜੀਵਨਸਾਥੀ ਨੂੰ ਮਿਲਣ ਵਾਲੇ ਇਸ ਲਾਭ ਨੂੰ ਖਤਮ ਕਰਨ ਨਾਲ ਵਿਦੇਸ਼ੀ ਕਰਮਚਾਰੀ ਆਪਣੇ ਦੇਸ਼ ਵਾਪਸ ਚਲੇ ਜਾਣਗੇ ਅਤੇ ਆਪਣੇ ਹੁਨਰ ਦੀ ਵਰਤੋਂ ਅਮਰੀਕੀ ਕੰਪਨੀਆਂ ਨਾਲ ਮੁਕਾਬਲੇਬਾਜ਼ੀ ਵਿਚ ਕਰਨਗੇ ।
ਅਮਰੀਕਾ ਵਿਚ ਐੱਚ-1 ਬੀ. ਵੀਜ਼ਾ ਧਾਰਕਾਂ ਦੇ ਜੀਵਨਸਾਥੀ (ਪਤੀ/ਪਤਨੀ) ਨੂੰ ਐੱਚ-4 ਵੀਜ਼ਾ ਦਿੱਤਾ ਜਾਂਦਾ ਹੈ। ਇਹ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਕਿ ਅਮਰੀਕੀ ਕੰਪਨੀਆਂ ਨੂੰ ਕੁੱਝ ਵਿਸ਼ੇਸ਼ ਖੇਤਰਾਂ ਵਿਚ ਵਿਸ਼ੇਸ਼ ਯੋਗਤਾ ਰੱਖਣ ਵਾਲੇ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਦੀ ਆਗਿਆ ਦਿੰਦਾ ਹੈ । ਇਹ ਵੀਜ਼ਾ ਭਾਰਤੀ ਆਈ. ਟੀ. ਪੇਸ਼ੇਵਰਾਂ ਵਿਚਾਲੇ ਬਹੁਤ ਲੋਕਪ੍ਰਿਯ ਹੈ । ਟਰੰਪ ਸਰਕਾਰ ਦੇ ਵਰਕ ਪਰਮਿਟ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਅਮਰੀਕੀ ਸੰਸਦ ਅੰਨਾ ਜੀ ਇਸ਼ੂ ਅਤੇ ਜੋ ਲਾਫਗ੍ਰੇਨ ਨੇ ਐੱਚ-4 ਰੋਜ਼ਗਾਰ ਹਿਫਾਜ਼ਤ ਬਿੱਲ ਪੇਸ਼ ਕੀਤਾ ਹੈ।
ਅਮਰੀਕੀ ਸਰਕਾਰ ਦੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਸ਼ੁਰੂ ਕੀਤੇ ਗਏ ਇਸ ਵੀਜ਼ੇ ਨੂੰ ਖ਼ਤਮ ਕਰਨ ਦੀ ਯੋਜਨਾ ਹੈ । ਸੰਸਦ ਮੈਂਬਰਾਂ ਨੇ ਸਦਨ ਵਿਚ ਬਿੱਲ ਪੇਸ਼ ਕਰਨ ਤੋਂ ਬਾਅਦ ਕਿਹਾ ਕਿ ਜਦੋਂ ਤੋਂ ਇਹ ਨਿਯਮ ਲਾਗੂ ਹੋਇਆ ਹੈ 1,00,000 ਕਰਮਚਾਰੀਆਂ ਖਾਸ ਤੌਰ 'ਤੇ ਔਰਤਾਂ ਨੂੰ ਕੰਮ ਕਰਨ ਦੀ ਆਗਿਆ ਮਿਲੀ ਹੈ । ਇਸ ਨਾਲ ਅਮਰੀਕਾ ਦੀਆਂ ਮੁਕਾਬਲੇਬਾਜ਼ ਗਤੀਵਿਧੀਆਂ ਵਿਚ ਸੁਧਾਰ ਹੋਇਆ ਹੈ ਅਤੇ ਹਜ਼ਾਰਾਂ ਐੱਚ-1 ਬੀ. ਵੀਜ਼ਾ ਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਆਰਥਕ ਬੋਝ ਘੱਟ ਹੋਇਆ ਹੈ ।