''ਭਾਰਤ ਦੇ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਯਾਤਰਾ ''ਚ ਅਮਰੀਕਾ ਤਰਜੀਹੀ ਵਪਾਰਕ ਭਾਈਵਾਲ''

02/08/2020 6:40:11 PM

ਵਾਸ਼ਿੰਗਟਨ — ਭਾਰਤ 2024 ਤੱਕ ਪੰਜ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਆਪਣੇ ਰਸਤੇ 'ਚ ਅਮਰੀਕਾ ਦੇ ਨਾਲ ਵਪਾਰ ਅਤੇ ਕਾਰੋਬਾਰ 'ਚ ਹਿੱਸੇਦਾਰੀ ਨੂੰ ਉੱਚ ਸਥਾਨ ਦਿੰਦਾ ਹੈ। ਅਮਰੀਕਾ 'ਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਇਕ ਪ੍ਰੋਗਰਾਮ ਵਿਚ ਇਹ ਗੱਲ ਕਹੀ। ਅਮਰੀਕਾ-ਭਾਰਤ ਰਣਨੀਤਕ ਅਤੇ ਭਾਈਵਾਲੀ ਫੋਰਮ ਨੇ ਸੰਧੂ ਦੇ ਸਨਮਾਨ ਵਿਚ ਇਕ ਰਾਤ ਦੇ ਡਿਨਰ ਦਾ ਆਯੋਜਨ ਕੀਤਾ ਸੀ। ਪ੍ਰੋਗਰਾਮ ਵਿਚ ਅਮਰੀਕੀ ਕਾਰੋਬਾਰੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚ ਆਪਸੀ ਤਾਲਮੇਲ ਦੀਆਂ ਸੰਭਾਵਨਾਵਾਂ ਬਹੁਤ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2024 ਤਕ ਭਾਰਤ ਨੂੰ ਤਿੰਨ ਹਜ਼ਾਰ ਅਰਬ ਡਾਲਰ ਦੀ ਆਰਥਿਕਤਾ ਤੋਂ ਪੰਜ ਹਜ਼ਾਰ ਅਰਬ ਡਾਲਰ ਅਤੇ 2030 ਤਕ ਦਸ ਹਜ਼ਾਰ ਅਰਬ ਡਾਲਰ ਦੀ ਆਰਥਿਕਤਾ ਬਣਾਉਣ ਦਾ ਟੀਚਾ ਮਿਥਿਆ ਹੈ।

ਉਨ੍ਹਾਂ ਕਿਹਾ,' ਪ੍ਰਧਾਨ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਯਾਤਰਾ ਵਿਚ ਭਾਰਤ ਲਈ ਅਮਰੀਕਾ ਨਾਲ ਵਪਾਰ ਅਤੇ ਕਾਰੋਬਾਰ ਖੇਤਰ ਵਿਚ ਭਾਈਵਾਲੀ ਮਹੱਤਵਪੂਰਨ ਹੋਵੇਗੀ'। ਸੰਧੂ ਨੇ ਕਿਹਾ, 'ਸਾਡੀਆਂ ਸਰਕਾਰਾਂ ਦਰਮਿਆਨ ਸੰਬੰਧਾਂ ਨੂੰ ਲੈ ਕੇ ਇਕ ਨਵੀਂ ਗਤੀ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ਚਾਰ ਮੁਲਾਕਾਤਾਂ ਕੀਤੀਆਂ ਸਨ। ਉੁਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਉੱਦਮੀ ਅਤੇ ਕਾਰੋਬਾਰੀ ਦੋਵੇਂ ਦੇਸ਼ਾਂ ਦੇ ਸਬੰਧਾਂ ਦਾ ਮਹੱਤਵਪੂਰਨ ਹਿੱਸਾ ਹਨ। ਰਾਜਦੂਤ ਨੇ ਕਿਹਾ ਕਿ ਦੋ ਹਜ਼ਾਰ ਤੋਂ ਵੱਧ ਅਮਰੀਕੀ ਕੰਪਨੀਆਂ ਭਾਰਤ ਵਿਚ ਕਾਰੋਬਾਰ ਕਰ ਰਹੀਆਂ ਹਨ। 200 ਤੋਂ ਵੱਧ ਭਾਰਤੀ ਕੰਪਨੀਆਂ ਨੇ ਅਮਰੀਕਾ ਵਿਚ 18 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ 10 ਲੱਖ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਦੋਵਾਂ ਦੇਸ਼ਾਂ ਦਾ ਦੁਵੱਲਾ ਨਿਵੇਸ਼ 2018 ਵਿਚ ਵਧ ਕੇ 60 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਉਨ੍ਹਾਂ ਕਿਹਾ ਕਿ ਦੁਵੱਲਾ ਵਪਾਰ ਸਾਲਾਨਾ 10 ਪ੍ਰਤੀਸ਼ਤ ਦੀ ਦਰ ਨਾਲ ਵਧ ਰਿਹਾ ਹੈ ਅਤੇ 2019 ਵਿਚ 160 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਸੰਧੂ ਨੇ ਕਿਹਾ, 'ਇਹ ਸਾਡੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਉਤਸ਼ਾਹ ਨਾਲ ਭਰਦਾ ਹੈ ਅਤੇ ਅਜੇ ਇਸ ਵਿਚ ਬਹੁਤ ਕੁਝ ਸੰਭਵ ਹੈ'। ਅਮਰੀਕਾ ਦੀ ਪੂੰਜੀ ਤੇ ਮਹਾਰਤਾ ਅਤੇ ਭਾਰਤੀ ਬਾਜ਼ਾਰ ਤੇ ਦਿਮਾਗ ਦੇ ਸੁਮੇਲ ਨਾਲ ਕੋਈ ਵੀ ਮੰਜ਼ਿਲ ਦੂਰ ਨਹੀਂ ਹੋ ਸਕਦੀ।


Related News