ਅਮਰੀਕਨ ਪੁਲਸ ਮੁਖੀ ਨੂੰ ਦੇਣਾ ਪਿਆ ਅਸਤੀਫਾ, ਜਾਣੋ ਕੀ ਹੈ ਕਾਰਨ

07/22/2017 10:33:38 AM

ਮਿੰਨੀਅਪੋਲਿਸ— ਅਮਰੀਕਾ ਦੇ ਮਿੰਨੀਸੋਟਾ ਸੂਬੇ ਦੀ ਮਿੰਨੀਅਪੋਲਿਸ ਸ਼ਹਿਰ ਦੀ ਪੁਲਸ ਮੁਖੀ ਜੇਨੀ ਹਾਰਤਿਯੂ ਨੇ ਪਿਛਲੇ ਹਫਤੇ ਮਦਦ ਦੀ ਗੁਹਾਰ ਲਾ ਰਹੀ ਇਕ ਆਸਟਰੇਲੀਆਈ ਔਰਤ ਦੀ ਪੁਲਸ ਕਰਚਮਾਰੀ ਵਲੋਂ ਚਲਾਈ ਗਈ ਗੋਲੀ ਨਾਲ ਮੌਤ ਹੋਣ ਦੀ ਘਟਨਾ ਤੋਂ ਬਾਅਦ ਮੇਅਰ ਦੇ ਕਹਿਣ 'ਤੇ ਅਸਤੀਫਾ ਦੇ ਦਿੱਤਾ। ਮੇਅਰ ਬੇਸਟੀ ਹੋਜੇਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪੁਲਸ ਵਿਭਾਗ ਦੀ ਅਗਵਾਈ ਕਰਨ ਦੀ ਉਨ੍ਹਾਂ ਦੀ ਸਮਰੱਥਾ 'ਤੇ ਮੈਨੂੰ ਹੋਰ ਵਿਸ਼ਵਾਸ ਨਹੀਂ ਹੈ, ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਦਾ ਵਿਸ਼ਵਾਸ ਗੁਆ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਆਸਟਰੇਲੀਆਈ ਔਰਤ ਜਸਟਿਨ ਡਾਮੋਂਡ (40) ਨੇ ਆਪਣੇ ਘਰ ਦੇ ਨੇੜੇ ਬਦਸਲੂਕੀ ਦੀ ਘਟਨਾ ਦੀ ਜਾਣਕਾਰੀ ਦੇਣ ਲਈ ਪੁਲਸ ਹੈਲਪਲਾਈਨ 911 'ਤੇ 2 ਵਾਰ ਫੋਨ ਕੀਤਾ ਸੀ ਅਤੇ ਇਸ ਦੀ ਜਾਣਕਾਰੀ ਮਿਲਦੇ ਹੀ ਦੋ ਪੁਲਸ ਕਰਮਚਾਰੀ ਮੁਹੰਮਦ ਨੂਰ ਅਤੇ ਮੈਥਿਊ ਹੈਰਿਟੀ ਹਨ੍ਹੇਰੇ ਵਿਚ ਉਸ ਦੇ ਘਰ ਦੇ ਪਿੱਛੇ ਪਹੁੰਚੇ। 
ਪੁਲਸ ਕਰਮਚਾਰੀ ਹੈਰਿਟੀ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਅਚਾਨਕ ਨੂਰ ਨੂੰ ਬਹੁਤ ਤੇਜ਼ ਰੌਲਾ ਸੁਣਾਈ ਦਿੱਤਾ ਅਤੇ ਉਸ ਤੋਂ ਪਹਿਲਾਂ ਆਸਟਰੇਲੀਆਈ ਔਰਤ ਡਾਮੋਂਡ ਉਨ੍ਹਾਂ ਦੇ ਵਾਹਨ ਕੋਲ ਆਉਂਦੀ, ਨੂਰ ਨੇ ਮਕਾਨ ਦੀ ਖਿੜਕੀ ਤੋਂ ਉਸ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਨੂੰ ਲੈ ਕੇ ਪੁਲਸ ਦੀ ਬਹੁਤ ਕਿਰਕਿਰੀ ਹੋਈ ਹੈ ਅਤੇ ਆਸਟਰੇਲੀਆ 'ਚ ਵੀ ਅਮਰੀਕਾ ਵਿਰੁੱਧ ਲੋਕਾਂ ਨੇ ਜੰਮ ਕੇ ਭੜਾਸ ਕੱਢੀ। 
ਆਸਟਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਇਸ ਘਟਨਾ 'ਤੇ ਕਾਫੀ ਸੋਗ ਜ਼ਾਹਰ ਕੀਤਾ ਹੈ। ਇਸ ਘਟਨਾ ਦੇ ਬਾਅਦ ਗਠਿਤ ਜਾਂਚ ਕਮੇਟੀ ਦੇ ਸਾਹਮਣੇ ਪੁਲਸ ਕਰਮਚਾਰੀ ਮੁਹੰਮਦ ਨੂਰ ਨੇ ਕੁਝ ਵੀ ਨਹੀਂ ਕਿਹਾ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਦਿੱਤਾ ਹੈ ਕਿ ਆਖਰਕਾਰ ਉਸ ਨੇ ਨਿਹੱਥੀ ਔਰਤ 'ਤੇ ਗੋਲੀ ਕਿਉਂ ਚਲਾਈ। ਇਸ ਮਾਮਲੇ 'ਤੇ ਸੋਗ ਜ਼ਾਹਰ ਕਰਦੇ ਹੋਏ ਪੁਲਸ ਮੁਖੀ ਨੇ ਕਿਹਾ, ''ਮੈਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ, ਤਾਂ ਕਿ ਮੇਰੀ ਥਾਂ ਕੋਈ ਹੋਰ ਪੁਲਸ ਅਧਿਕਾਰੀ ਅਤੇ ਇਹ ਤੈਅ ਕਰ ਸਕੇ ਕਿ ਵਿਭਾਗ ਦੀ ਬਿਹਤਰੀ ਲਈ ਕੀ ਚੰਗਾ ਕੀਤਾ ਜਾ ਸਕਦਾ ਹੈ। ਇਸ ਸ਼ਹਿਰ ਨੂੰ ਬਿਹਤਰ ਪੁਲਸ ਅਧਿਕਾਰੀ ਦੀ ਲੋੜ ਹੈ।