ਜੇਕਰ ਪਾਕਿਸਤਾਨ ਨੇ ਦਿੱਤੀ ਅੱਤਵਾਦੀਆਂ ਨੂੰ ਪਨਾਹ ਤਾਂ ਬਰਦਾਸ਼ਤ ਨਹੀਂ ਕਰੇਗਾ ਅਮਰੀਕਾ

11/17/2017 6:41:10 PM

ਵਾਸ਼ਿੰਗਟਨ— ਅਮਰੀਕਾ ਦੇ ਰੱਖਿਆ ਸਕੱਤਰ ਅਹੁਦੇ ਲਈ ਨਾਮਿਤ ਜਾਨ ਸੀ ਰੂਡ ਨੇ ਸ਼ੁੱਕਰਵਾਰ ਨੂੰ ਬਿਆਨ ਦਿੱਤਾ ਕਿ ਅਮਰੀਕਾ ਨੂੰ ਇਸਲਾਮਾਬਾਦ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਟਰੰਪ ਪ੍ਰਸ਼ਾਸਨ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹਗਾਹ ਮੁਹੱਈਆਂ ਕਰਵਾਏ। ਉਨ੍ਹਾਂ ਕਿਹਾ ਕਿ ਅੱਤਵਾਦੀ ਪਨਾਹਗਾਹਾਂ 'ਤੇ ਨਜ਼ਰ ਰੱਖਣ 'ਚ ਇਸਲਾਮਾਬਾਦ ਦੀ ਅਸਫਲਤਾ ਅਫਗਾਨਿਸਤਾਨ 'ਚ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰ ਰਹੀ ਹੈ, ਜਿਸ ਨਾਲ ਵਾਸ਼ਿੰਗਟਨ ਨੂੰ ਨਵੇਂ ਵਿਕਲਪ ਤਲਾਸ਼ਣੇ ਪੈ ਰਹੇ ਹਨ।
ਰੂਡ ਨੇ ਆਪਣੇ ਨਾਂ ਦੀ ਪੁਸ਼ਟੀ ਲਈ ਹੋਈ ਬਹਿਸ ਦੌਰਾਨ ਕਿਹਾ ਕਿ ਅਮਰੀਕਾ ਨੂੰ ਪਾਕਿਸਤਾਨ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਸਮਰਥਨ ਬਰਦਾਸ਼ਤ ਨਹੀਂ ਕਰਾਂਗੇ, ਜਿਸ ਨਾਲ ਅਫਗਾਨਿਸਤਾਨ 'ਚ ਸਾਡੀਆਂ ਕੋਸ਼ਿਸ਼ਾਂ ਕਮਜ਼ੋਰ ਹੋਣ। ਉਹ ਵੀ ਉਥੇ ਜਿਥੇ ਸਾਡੇ ਫੌਜੀ ਲੜ ਰਹੇ ਹਨ ਤੇ ਇਸ ਸੰਘਰਸ਼ 'ਚ 2 ਹਜ਼ਾਰ ਤੋਂ ਜ਼ਿਆਦਾ ਅਮਰੀਕੀ ਮਾਰੇ ਜਾ ਚੁੱਕੇ ਹਨ। 
ਉਹ ਸੈਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਪ੍ਰਧਾਨ ਸੈਨੇਟਰ ਜਾਨ ਮੈਕੇਨ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਰੂਡ ਨੇ ਇਹ ਵੀ ਕਿਹਾ ਕਿ ਜੇਕਰ ਮੇਰੇ ਨਾਂ ਦੀ ਪੁਸ਼ਟੀ ਹੋਈ ਤਾਂ ਮੈਂ ਉਹ ਰਸਤੇ ਤਲਾਸ਼ਾਂਗਾ, ਜਿਸ ਨਾਲ ਅਮਰੀਕਾ ਅੱਤਵਾਦੀ ਨੈਟਵਰਕ ਲਈ ਪਾਕਿਸਤਾਨ 'ਚ ਪਨਾਹਗਾਹਾਂ ਦਾ ਖਾਤਮਾ ਕਰ ਸਕੇ।