ਫਿਲੀਪੀਨ ਸਾਗਰ 'ਚ ਹਾਦਸਾਗ੍ਰਸਤ ਹੋਇਆ ਅਮਰੀਕੀ ਜਲ ਸੈਨਾ ਦਾ ਜਹਾਜ਼: ਫੌਜ

11/22/2017 3:56:13 PM

ਟੋਕੀਓ(ਭਾਸ਼ਾ)— 11 ਲੋਕਾਂ ਨੂੰ ਲਿਜਾ ਰਿਹਾ ਅਮਰੀਕੀ ਜਲ ਸੈਨਾ ਦਾ ਇਕ ਜਹਾਜ਼ ਫਿਲੀਪੀਨ ਸਾਗਰ ਵਿਚ ਹਾਦਸਾਗ੍ਰਸਤ ਹੋ ਗਿਆ। ਅਮਰੀਕਾ ਨੇ ਬੁੱਧਵਾਰ ਨੂੰ ਦੱਸਿਆ ਕਿ ਪੂਰਬੀ ਏਸ਼ੀਆ ਵਿਚ ਇਹ ਹਾਲੀਆ ਦੁਰਘਟਨਾ ਹੈ, ਜਿਸ ਵਿਚ ਉਸ ਦਾ ਹਥਿਆਰਬੰਦ ਬਲ ਪ੍ਰਭਾਵਿਤ ਹੋਇਆ ਹੈ। ਜਲ ਸੈਨਾ ਨੇ ਇਕ ਬਿਆਨ ਵਿਚ ਦੱਸਿਆ ਹੈ, ''ਓਕਿਨਾਵਾ ਦੇ ਦੱਖਣੀ ਪੂਰਬ ਵਿਚ ਸਾਗਰ ਵਿਚ ਚਾਲਕ ਦਲ ਅਤੇ ਯਾਤਰੀਆਂ ਸਮੇਤ 11 ਲੋਕਾਂ ਨੂੰ ਲਿਜਾ ਰਿਹਾ ਅਮਰੀਕੀ ਜਲ ਸੈਨਾ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ।'' ਬਿਆਨ ਵਿਚ ਦੱਸਿਆ ਗਿਆ ਹੈ ਕਿ ਲੋਕਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਦੀ ਸਥਿਤੀ ਦਾ ਮੁਲਾਂਕਣ ਯੂ. ਐਸ. ਐਸ ਰੋਨਾਲਡ ਰੀਗਨ ਮੈਡੀਕਲ ਸਟਾਫ ਵੱਲੋਂ ਕੀਤਾ ਜਾਵੇਗਾ। ਇਹ ਅਮਰੀਕੀ ਏਅਰਕ੍ਰਾਫਟ ਕੈਰੀਆਰ ਯੂ. ਐਸ. ਐਸ. ਰੋਨਾਲਡ ਰੀਗਨ ਵੱਲ ਜਾ ਰਿਹਾ ਸੀ, ਜੋ ਇਸ ਸਮੇਂ ਫਿਲੀਪੀਨ ਸਾਗਰ ਵਿਚ ਹੈ। ਯੂ. ਐਸ. ਐਸ ਰੋਨਾਲਡ ਰੀਗਨ ਭਾਲ ਅਤੇ ਬਚਾਅ ਮੁਹਿੰਮ ਚਲਾ ਰਿਹਾ ਹੈ। ਦੁਰਘਟਨਾ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪੱਛਮੀ ਪ੍ਰਸ਼ਾਂਤ ਵਿਚ ਅਮਰੀਕੀ ਫੌਜ ਦੀ ਭਾਰੀ ਮੌਜੂਦਗੀ ਹੈ। ਇਸ ਤੋਂ ਇਲਾਵਾ ਜਾਪਾਨ ਅਤੇ ਦੱਖਣੀ ਕੋਰੀਆ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਮਰੀਕੀ ਫੌਜੀ ਤਾਇਨਾਤ ਹਨ।