ਕੰਧ ਬਣਾਉਣ ਲਈ ਟਰੰਪ ਨੂੰ ਮਿਲੇ 1.4 ਅਰਬ ਡਾਲਰ

02/12/2019 1:52:26 PM

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਨੂੰ ਲੈ ਕੇ ਸੰਸਦ ਮੈਂਬਰਾਂ ਵਿਚਕਾਰ ਸਹਿਮਤੀ ਬਣ ਗਈ ਹੈ। ਅਧਿਕਾਰੀਆਂ ਨੂੰ ਡਰ ਸੀ ਕਿ ਕਿਤੇ ਮੁੜ ਸ਼ਟ ਡਾਊਨ ਨਾ ਹੋ ਜਾਵੇ ਕਿਉਂਕਿ ਪਹਿਲਾਂ ਵੀ ਇਕ ਕਾਰਨ ਦੇਸ਼ ਦਾ ਵਿੱਤੀ ਨੁਕਸਾਨ ਹੋ ਚੁੱਕਾ ਹੈ ਅਤੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਸੋਮਵਾਰ ਦੀ ਰਾਤ ਨੂੰ ਇਹ ਸਮਝੌਤਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸੰਸਦ ਮੈਂਬਰਾਂ ਵਿਚਾਲੇ ਹੋਇਆ। ਸਮਝੌਤੇ ਮੁਤਾਬਕ ਟਰੰਪ ਨੂੰ ਮੈਕਸੀਕੋ ਦੀ ਕੰਧ ਬਣਾਉਣ ਲਈ ਸਿਰਫ 1.4 ਅਰਬ ਡਾਲਰ ਦੀ ਰਾਸ਼ੀ ਮਿਲੇਗੀ। ਹਾਲਾਂਕਿ ਟਰੰਪ ਵਲੋਂ 5 ਅਰਬ ਡਾਲਰ ਦੀ ਮੰਗ ਕੀਤੀ ਗਈ ਸੀ।

ਸੰਸਦੀ ਸਹਿਯੋਗੀਆਂ ਮੁਤਾਬਕ,''ਟਰੰਪ ਦੀ ਰੀਪਬਲਿਕਨ ਪਾਰਟੀ ਕਿਸੇ ਵੀ ਸੂਰਤ 'ਚ ਫਿਰ ਤੋਂ ਸਰਕਾਰੀ ਕੰਮ-ਕਾਜ ਠੱਪ ਨਹੀਂ ਹੋਣ ਦੇਣਾ ਚਾਹੁੰਦੀ ਸੀ। ਅਜਿਹੇ 'ਚ ਉਨ੍ਹਾਂ ਨੇ ਕੰਧ ਬਣਾਉਣ ਲਈ ਮਿਲਣ ਵਾਲੀ ਰਾਸ਼ੀ ਨਾਲ ਸਮਝੌਤਾ ਕਰਨਾ ਪਿਆ।'' ਟਰੰਪ ਨੇ ਇਸ ਲਈ 5.7 ਅਰਬ ਡਾਲਰ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਬੇਹੱਦ ਘੱਟ ਤਕਰੀਬਨ 1.4 ਅਰਬ ਡਾਲਰ ਦੀ ਰਾਸ਼ੀ ਮਿਲ ਰਹੀ ਹੈ। ਇਸ ਧਨ ਨਾਲ ਸਿਰਫ 55 ਮੀਲ ਲੰਬੀ ਵਾੜ ਲੱਗ ਸਕਦੀ ਹੈ। ਇਹ ਸਟੀਲ ਦੀ ਵਾੜ ਹੋਵੇਗੀ ਜਦਕਿ ਟਰੰਪ ਨੇ ਠੋਸ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ। ਵ੍ਹਾਈਟ ਹਾਊਸ ਨੇ ਦਸੰਬਰ 'ਚ 215 ਮੀਲ ਲੰਬੀ ਕੰਧ ਬਣਾਉਣ ਦੀ ਗੱਲ ਆਖੀ ਸੀ। ਟੈਕਸਾਸ ਦੀ ਰੀਓ ਗ੍ਰੈਂਡ ਵੈਲੀ 'ਚ ਕੰਧ ਦਾ ਨਿਰਮਾਣ ਕੀਤਾ ਜਾਵੇਗਾ।
ਸੈਨੇਟ ਦੀ ਕਮੇਟੀ ਨੇ ਕਿਹਾ,''ਸਾਡੇ ਵਿਚਕਾਰ ਸਿਧਾਂਤਕ ਸਹਿਮਤੀ ਬਣ ਗਈ ਹੈ। ਸਾਡੇ ਕਰਮਚਾਰੀ ਬਿਓਰੇ 'ਤੇ ਕੰਮ ਕਰ ਰਹੇ ਹਨ। ਅਜੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ।