ਅਮਰੀਕਾ-ਮੈਕਸੀਕੋ ਬਾਰਡਰ ਦੂਜੀ ਵਾਰ ਬੰਦ, 1.25 ਲੱਖ ਵਾਹਨ ਫਸੇ

04/05/2019 1:31:41 PM

ਨਿਊਯਾਰਕ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੈਕਸੀਕੋ ਤੋਂ ਆਉਣ ਵਾਲੇ ਗੈਰ-ਪ੍ਰਵਾਸੀਆਂ ਦੀ ਘੁਸਪੈਠ ਨੂੰ ਰੋਕਣ ਲਈ ਬਾਰਡਰ ਕ੍ਰਾਸਿੰਗ ਬੰਦ ਕਰਨ ਦੀ ਚਿਤਾਵਨੀ ਤੋਂ ਬਾਅਦ ਫੌਜ ਨੇ ਇਸ 'ਤੇ ਅਮਲ ਕਰ ਦਿੱਤਾ ਹੈ। ਉਸ ਨੇ ਮੈਕਸੀਕੋ ਨਾਲ ਲੱਗਦੇ 48 ਵਿਚੋਂ 5 ਐਂਟਰੀ ਪੁਆਇੰਟ ਬੰਦ ਕਰ ਦਿੱਤੇ ਹਨ। ਇਹ ਪੁਆਇੰਟ ਸੈਨ ਡਿਆਗੋ ਵਿਚ ਹਨ। ਇਸ ਦਾ ਅਸਰ ਦੋਹਾਂ ਦੇਸ਼ਾਂ ਵਿਚਾਲੇ ਸਭ ਤੋਂ ਵੱਡੇ ਕਾਰੋਬਾਰੀ ਨਾਕੇ ਸੈਨ ਡਿਆਗੋ ਦੇ ਸੈਨ ਸਿਡ੍ਰੋ ਪੋਰਟ 'ਤੇ ਪਿਆ। ਇਥੋਂ ਰੋਜ਼ਾਨਾ 12 ਹਜ਼ਾਰ ਕਰੋੜ ਦਾ ਮਾਲ ਅਤੇ ਤਕਰੀਬਨ 1.26 ਲੱਖ ਵਾਹਨ ਸਰਹੱਦ ਪਾਰ ਕਰਦੇ ਹਨ। ਐਂਟਰੀ ਬੰਦ ਹੋਣ ਨਾਲ ਇਨ੍ਹਾਂ ਵਾਹਨਾਂ ਦੀ ਆਵਾਜਾਈ ਨਹੀਂ ਹੋਈ। ਟਰੰਪ ਦੇ ਕਾਰਜਕਾਲ ਵਿਚ ਦੂਜੀ ਵਾਰ ਬਾਰਡਰ ਬੰਦ ਹੋਇਆ ਹੈ। ਇਸ ਤੋਂ ਪਹਿਲਾਂ ਨਵੰਬਰ ਵਿਚ 4 ਦੇਸ਼ਾਂ ਦੇ ਘੁਸਪੈਠੀਆਂ ਨੂੰ ਰੋਕਣ ਲਈ ਬਾਰਡਰ ਬੰਦ ਕੀਤਾ ਗਿਆ ਸੀ।
ਕੰਧ ਵਿਵਾਦ : ਅਮਰੀਕਾ ਵਿਚ ਵੱਧਦੀ ਘੁਸਪੈਠ, ਬੀਤੇ ਸਾਲ 3.97 ਲੱਖ ਲੋਕ ਹੋਏ ਸਨ ਗ੍ਰਿਫਤਾਰ
ਅਮਰੀਕਾ ਦੀ ਮੈਕਸੀਕੋ ਤੋਂ 3145 ਕਿ.ਮੀ ਲੰਬੀ ਸਰਹੱਦ ਹੈ। ਇਸ ਸਰਹੱਦ ਤੋਂ ਘੁਸਪੈਠ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਬੀਤੇ ਸਾਲ 3.97 ਲੱਖ ਲੋਕ ਘੁਸਪੈਠ ਕਰਦੇ ਫੜੇ ਗਏ ਸਨ। ਬੀਤੇ ਮਾਰਚ ਮਹੀਨੇ ਇਕ ਲੱਖ ਲੋਕਾਂ ਨੂੰ ਘੁਸਪੈਠ ਕਰਦਿਆਂ ਫੜਿਆ ਗਿਆ ਸੀ। ਇਸੇ ਕਾਰਨ ਅਮਰੀਕੀ ਰਾਸ਼ਟਰਪਤੀ ਸਰਹੱਦ 'ਤੇ ਕੰਧ ਬਣਾਉਣ 'ਤੇ ਅੜੇ ਹੋਏ ਹਨ। ਉਹ ਕਹਿੰਦੇ ਹਨ- ਅਮਰੀਕਾ ਸ਼ਰਨਾਰਥੀ ਕੈਂਪ ਨਹੀਂ ਹੈ।
ਗੈਰ-ਪ੍ਰਵਾਸੀ ਮਾਮਲਾ - ਟਰੰਪ ਦੀ ਚਿਤਾਵਨੀ- ਛੇਤੀ ਫੈਸਲਾ ਕਰੋ, ਨਹੀਂ ਤਾਂ ਬੰਦ ਕਰ ਦਿਆਂਗੇ ਪੂਰਾ ਬਾਰਡਰ 
ਟਰੰਪ ਨੇ ਪਿਛਲੇ ਹਫਤੇ ਕਿਹਾ ਸੀ- ਜੇਕਰ ਮੈਕਸੀਕੋ ਘੁਸਪੈਠ ਨਹੀਂ ਰੋਕੇਗਾ ਤਾਂ ਸਰਹੱਦ ਲੰਬੇ ਸਮੇਂ ਤੱਕ ਬੰਦ ਕਰ ਦਿਆਂਗੇ। ਟਰੰਪ ਕੰਧ ਬਣਾਉਣ ਦੇ ਵਾਅਦੇ ਦੇ ਨਾਲ ਰਾਸ਼ਟਰਪਤੀ ਬਣੇ ਸਨ। ਉਹ ਪਿਛਲੇ ਦਸੰਬਰ ਤੋਂ ਹੀ ਸਰਹੱਦ ਬੰਦ ਕਰਨ ਦੀ ਧਮਕੀ ਦਿੰਦੇ ਰਹੇ ਹਨ। ਬੁੱਧਵਾਰ ਨੂੰ 6 ਦਿਨ ਵਿਚ ਉਨ੍ਹਾਂ ਨੇ ਦੂਜੀ ਵਾਰ ਚਿਤਾਵਨੀ ਦਿੱਤੀ। ਜੇਕਰ ਇਸ ਮਾਮਲੇ ਵਿਚ ਛੇਤੀ ਫੈਸਲਾ ਨਹੀਂ ਹੋਇਆ ਤਾਂ ਪੂਰਾ ਬਾਰਡਰ ਹੀ ਸੀਲ ਕਰ ਦਿੱਤਾ ਜਾਵੇਗਾ।

Sunny Mehra

This news is Content Editor Sunny Mehra