ਭਾਰਤ-ਪਾਕਿ ਵਿਚਾਲੇ ਤਣਾਅ ਨਾਲ ਬੇਹੱਦ ਚਿੰਤਤ ਹੈ ਅਮਰੀਕੀ ਸੰਸਦ

09/14/2019 2:54:17 PM

ਵਾਸ਼ਿੰਗਟਨ— ਅਮਰੀਕਾ ਦੇ ਸੰਸਦ ਮੈਂਬਰਾਂ ਨੇ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਲੈ ਕੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਹੈ ਤੇ ਭਾਰਤ ਤੇ ਪਾਕਿਸਤਾਨ 'ਚ ਅਮਰੀਕੀ ਰਾਜਦੂਤਾਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰਨ ਲਈ ਕਿਹਾ ਹੈ।

ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਬਹੁਤ ਵਧ ਗਿਆ ਹੈ। ਨਵੀਂ ਦਿੱਲੀ ਤੇ ਇਸਲਾਮਾਬਾਦ 'ਚ ਅਮਰੀਕੀ ਰਾਜਦੂਤਾਂ ਕੈਨੇਥ ਜਸਟਰ ਤੇ ਪਾਲ ਡਬਲਿਊ ਜੋਨਸ ਨੂੰ ਸ਼ੁੱਕਰਵਾਰ ਨੂੰ ਅਮਰੀਕੀ ਸੰਸਦ ਨੇ ਪੱਤਰ ਲਿਖ ਕੇ ਕਿਹਾ ਕਿ ਅਜਿਹੀ ਆਸ ਹੈ ਕਿ ਇਸ ਸੰਕਟ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚਾਲੇ ਨਰਮੀ ਰਹੇਗੀ। ਪੱਤਰ 'ਚ ਕਿਹਾ ਗਿਆ ਹੈ ਕਿ ਇਹ ਸਥਿਤੀ ਗਲੋਬਲ ਸ਼ਾਂਤੀ ਤੇ ਸਪੱਸ਼ਟ ਤੌਰ 'ਤੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਹੈ। ਪਾਕਿਸਤਾਨ ਤੇ ਭਾਰਤ ਦੋਵੇਂ ਹੀ ਮਹੱਤਵਪੂਰਨ ਸਹਿਯੋਗੀ ਹਨ ਤੇ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਸਣੇ ਖੇਤਰ 'ਚ ਸਾਡੇ ਹਿੱਤਾਂ ਲਈ ਬੇਹੱਦ ਅਹਿਮ ਹਨ। ਪੱਤਰ 'ਚ ਦੋਵਾਂ ਦੇਸ਼ਾਂ ਦੇ ਅਮਰੀਕੀ ਰਾਜਦੂਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਸਮਰਥਾ ਦੇ ਅਨੁਸਾਰ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਘੱਟ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰਨ। ਇਸ ਤੋਂ ਇਲਾਵਾ ਪੱਤਰ 'ਚ ਅਮਰੀਕਾ ਦੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੇ ਮੈਂਬਰਾਂ ਨੇ ਦੋਵਾਂ ਰਾਜਦੂਤਾਂ ਨੂੰ ਅਪੀਲ ਕੀਤੀ ਕਿ ਅਮਰੀਕਾ 'ਚ ਰਹਿ ਰਹੇ ਅਮਰੀਕੀ ਲੋਕਾਂ ਦਾ ਸੰਪਰਕ ਜੰਮੂ-ਕਸ਼ਮੀਰ 'ਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਾਂ ਨਾਲ ਕਰਵਾਉਣ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਕਿ ਜੰਮੂ-ਕਸ਼ਮੀਰ 'ਚ ਸੰਚਾਰ ਦੇ ਮਾਧਿਅਮ ਬਹਾਲ ਕੀਤੇ ਜਾਣ ਤੇ ਮੀਡੀਆ ਨੂੰ ਸਬੰਧਿਤ ਇਲਾਕੇ 'ਚ ਜਾਣ ਦੀ ਆਗਿਆ ਦਿੱਤੀ ਜਾਵੇ।

ਇਸ ਪੱਤਰ 'ਤੇ ਇਲਹਾਨ ਉਮਰ, ਰਾਊਲ.ਐੱਮ.ਗ੍ਰੀਜਾਲਵਾ, ਐਂਡੀ ਲੇਵਿਨ, ਜੇਮਸ ਪੀ ਮੈਕਹਰਵਨ, ਟੇਲ ਲਿਊ, ਡੋਨਾਲਡ ਬੀਅਰ ਤੇ ਐਲਨ ਲੋਵੇਨਥਲ ਦੇ ਦਸਤਖਤ ਹਨ। ਉਥੇ ਹੀ ਇਕ ਹੋਰ ਬਿਆਨ 'ਚ ਰਸ਼ਿਦਾ ਤਲੇਬ ਨੇ ਕਿਹਾ ਕਿ ਉਨ੍ਹਾਂ ਦੇ ਮਨ 'ਚ ਭਾਰਤ ਲਈ ਬਹੁਤ ਸਨਮਾਨ ਹੈ ਪਰ ਉਹ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਦੀ ਨਿੰਦਾ ਕਰਦੀ ਹੈ।

Baljit Singh

This news is Content Editor Baljit Singh