USA 'ਚ ਚੀਨ ਤੋਂ ਵੀ ਜ਼ਿਆਦਾ ਹੋਏ ਕੋਰੋਨਾ ਦੇ ਮਰੀਜ਼, ਨਿਊਯਾਰਕ 'ਚ ਦਹਿਸ਼ਤ

03/27/2020 1:07:00 PM

ਵਾਸ਼ਿੰਗਟਨ : USA ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਇਟਲੀ ਅਤੇ ਚੀਨ ਨਾਲੋਂ ਵੀ ਵੱਧ ਹੋ ਗਏ ਹਨ। ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੁਣ ਵਿਸ਼ਵ ਭਰ ਵਿਚ ਸਭ ਤੋਂ ਜ਼ਿਆਦਾ ਹੈ। ਜੋਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਇਕੱਤਰ ਕੀਤੇ ਡਾਟਾ ਮੁਤਾਬਕ, ਸਭ ਤੋਂ ਵੱਧ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ  ਇਸ ਸਮੇਂ ਅਮਰੀਕਾ ਵਿਚ ਹੈ। ਇਸ ਤੋਂ ਬਾਅਦ ਸੰਕ੍ਰਮਿਤ ਮਰੀਜ਼ਾਂ ਨਾਲ ਦੂਜੇ ਨੰਬਰ 'ਤੇ ਚੀਨ ਹੈ। ਇਟਲੀ ਵਿਚ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 80,589 ਹੋ ਗਈ ਹੈ ਤੇ ਮੌਤਾਂ ਦੇ ਮਾਮਲੇ ਵਿਚ ਇਹ ਵਿਸ਼ਵ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ।


USA ਵਿਚ 82,404 ਕੋਰੋਨਾ ਵਾਇਰਸ ਦੇ ਮਰੀਜ਼ ਹੋ ਗਏ ਹਨ, ਚੀਨ ਵਿਚ ਮਰੀਜ਼ਾਂ ਦੀ ਗਿਣਤੀ 81,782 ਅਤੇ ਇਟਲੀ ਵਿਚ ਇਸ ਸਮੇਂ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 80,589 ਹੈ।

ਨਿਊਯਾਰਕ 'ਚ ਵਿਗੜ ਸਕਦੀ ਹੈ ਸਿਹਤ ਪ੍ਰਣਾਲੀ
USA ਵਿਚ ਸਭ ਤੋਂ ਵੱਧ ਨਿਊਯਾਰਕ ਪ੍ਰਭਾਵਿਤ ਹੈ। ਇੱਥੋਂ ਦੇ ਮੇਅਰ ਮੁਤਾਬਕ, ਨਿਊਯਾਰਕ ਵਿਚ ਹੁਣ ਕੋਵਿਡ-19 ਨਾਲ ਸੰਕ੍ਰਮਿਤ ਮਾਮਲੇ 23,112 ਹੋ ਗਏ ਹਨ ਅਤੇ ਹੁਣ ਤਕ ਕੁੱਲ 365 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡੀ ਬਲਾਸੀਓ ਨੇ ਕਿਹਾ ਕਿ ਅਗਲੇ ਕੁਝ ਮਹੀਨੇ ਦਰਦਨਾਕ ਹੋਣਗੇ ਅਤੇ ਸਾਡੀ ਸਿਹਤ ਦੇਖਭਾਲ ਪ੍ਰਣਾਲੀ ਵਿਗੜ ਸਕਦੀ ਹੈ, ਜਿਵੇਂ ਕਿ ਪਹਿਲਾਂ ਕਦੇ ਨਹੀਂ ਹੋਇਆ ਸੀ।

ਓਧਰ, ਫਿਲਪੀਨਜ਼ ਵਿਚ ਕੋਰੋਨਾ ਦਾ ਇਲਾਜ ਕਰ ਰਹੇ 9 ਡਾਕਟਰਾਂ ਦੀ ਮੌਤ ਹੋ ਗਈ ਹੈ। ਸਿੰਗਾਪੁਰ ਵਿਚ 73 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ 3 ਸਾਲਾ ਭਾਰਤੀ ਬੱਚੀ ਵੀ ਸ਼ਾਮਲ ਹੈ, ਇਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 600 'ਤੇ ਪਹੁੰਚ ਗਈ ਹੈ।

ਭਾਰਤ ਵਿਚ 724 ਮਰੀਜ਼
ਵਿਸ਼ਵ ਭਰ ਵਿਚ 5 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ, ਮਰਨ ਵਾਲਿਆਂ ਦੀ ਗਿਣਤੀ 23 ਹਜ਼ਾਰ ਤੋਂ ਪਾਰ ਹੋ ਗਈ ਹੈ। ਉੱਥੇ ਹੀ, ਭਾਰਤ ਦੀ ਗੱਲ ਕਰੀਏ ਤਾਂ ਕੋਵਿਡ-19 ਨਾਲ ਸੰਕ੍ਰਮਿਤ ਮਾਮਲੇ 724 ਹੋ ਗਏ ਹਨ। ਹੁਣ ਤਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ 22 ਸੂਬਿਆਂ ਦੇ 75 ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ। ਮਹਾਰਾਸ਼ਟਰ, ਕਰਨਾਟਕ, ਕੇਰਲ, ਦਿੱਲੀ-ਐੱਨ. ਸੀ. ਆਰ. ਤੇ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹਨ। ਭਾਰਤ ਸਰਕਾਰ ਨੇ ਲਾਕਡਾਊਨ ਵਿਚਕਾਰ ਸਰਕਾਰੀ ਤੇ ਨਿੱਜੀ ਸੰਸਥਾਨਾਂ ਨੂੰ ਵਰਕਰਾਂ ਦੀ ਤਨਖਾਹ ਨਾ ਕੱਟਣ ਤੇ ਛਾਂਟੀ ਨਾ ਕਰਨ ਲਈ ਕਿਹਾ ਹੈ।

Sanjeev

This news is Content Editor Sanjeev