ਅਮਰੀਕਾ ਨੇ ਪਾਕਿ ਨੂੰ ਦਿੱਤਾ ਝਟਕਾ, ਆਰਥਿਕ ਮਦਦ 'ਚ ਕੀਤੀ ਕਟੌਤੀ

08/16/2019 3:56:11 PM

ਵਾਸ਼ਿੰਗਟਨ (ਬਿਊਰੋ)— ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਅਮਰੀਕਾ ਨੇ ਇਕ ਨਵਾਂ ਝਟਕਾ ਦਿੱਤਾ ਹੈ। ਅਮਰੀਕਾ ਨੇ ਸਾਲ 2009 ਤੋਂ 'ਕੇਰੀ ਲੂਗਰ ਬਰਮਨ ਐਕਟ' ਦੇ ਤਹਿਤ ਦਿੱਤੀ ਜਾਣ ਵਾਲੀ ਆਰਥਿਕ ਮਦਦ ਵਿਚ ਭਾਰੀ ਕਟੌਤੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਨੇ ਆਰਥਿਕ ਮਦਦ ਵਿਚ 44 ਕਰੋੜ ਡਾਲਰ ਦੀ ਕਟੌਤੀ ਕੀਤੀ ਹੈ। ਪਹਿਲਾਂ ਪਾਕਿਸਤਾਨ ਨੂੰ 4.5 ਅਰਬ ਡਾਲਰ ਦੀ ਆਰਥਿਕ ਮਦਦ ਦਿੱਤੀ ਜਾਂਦੀ ਸੀ। ਇਸ ਕਟੌਤੀ ਦੇ ਬਾਅਦ ਪਾਕਿਸਤਾਨ ਨੂੰ 4.1 ਅਰਬ ਡਾਲਰ ਦੀ ਮਦਦ ਦਿੱਤੀ ਜਾਵੇਗੀ। 

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਆਰਥਿਕ ਮਦਦ ਵਿਚ ਕਟੌਤੀ ਦੇ ਫੈਸਲੇ ਦੇ ਬਾਰੇ ਵਿਚ ਇਸਲਾਮਾਬਾਦ ਨੂੰ ਇਮਰਾਨ ਖਾਨ ਦੇ ਅਮਰੀਕੀ ਦੌਰੇ ਤੋਂ 3 ਹਫਤੇ ਪਹਿਲਾਂ ਹੀ ਅਧਿਕਾਰਕ ਸੂਚਨਾ ਦੇ ਦਿੱਤੀ ਗਈ ਸੀ। ਇਸਲਾਮਾਬਾਦ ਅਮਰੀਕਾ ਤੋਂ ਇਹ ਆਰਥਿਕ ਮਦਦ 'ਪਾਕਿਸਤਾਨ ਏਨਹੈਨਸ ਪਾਰਟਨਰਸ਼ਿਪ ਐਗਰੀਮੈਂਟ (ਪੇਪਾ) 2010' ਜ਼ਰੀਏ ਹਾਸਲ ਕਰਦਾ ਹੈ। ਮੰਤਰਾਲੇ ਦੇ ਸੂਤਰਾਂ ਮੁਤਾਬਕ 90 ਕਰੋੜ ਡਾਲਰ ਦੀ ਬਚੀ ਹੋਈ ਅਮਰੀਕੀ ਮਦਦ ਪਾਉਣ ਲਈ ਪਾਕਿਸਤਾਨ ਨੇ ਪਿਛਲੇ ਹਫਤੇ ਹੀ ਪੇਪਾ ਦੀ ਸਮੇਂ ਸੀਮਾ ਵਧਾ ਦਿੱਤੀ ਸੀ।

ਅਕਤੂਬਰ 2009 ਵਿਚ ਅਮਰੀਕੀ ਕਾਂਗਰਸ ਨੇ 'ਕੇਰੀ ਲੂਗਰ ਬਰਮਨ ਐਕਟ' ਪਾਸ ਕੀਤਾ ਸੀ ਅਤੇ ਇਸ ਨੂੰ ਲਾਗੂ ਕਰਨ ਲਈ ਸਤੰਬਰ 2010 ਵਿਚ ਪੇਪਾ 'ਤੇ ਦਸਤਖਤ ਕੀਤੇ ਗਏ। ਇਸ ਦੇ ਤਹਿਤ ਪਾਕਿਸਤਾਨ ਨੂੰ 5 ਸਾਲ ਦੀ ਮਿਆਦ ਵਿਚ 7.5 ਅਰਬ ਡਾਲਰ ਦੀ ਮਦਦ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਸੀ। ਇਸ ਐਕਟ ਨੂੰ ਪਾਕਿਸਤਾਨ ਦੇ ਆਰਥਿਕ ਢਾਂਚੇ ਵਿਚ ਨਿਵੇਸ਼ ਕਰਨ ਦੇ ਉਦੇਸ਼ ਨਾਲ ਲਿਆਂਦਾ ਗਿਆ ਸੀ, ਜਿਸ ਦੇ ਤਹਿਤ ਦੇਸ਼ ਦੇ ਊਰਜਾ ਅਤੇ ਜਲ ਸੰਕਟ ਨੂੰ ਦੂਰ ਕੀਤਾ ਜਾਣਾ ਸੀ। ਭਾਵੇਂਕਿ ਪੇਪਾ ਸਮਝੌਤੇ ਦੇ ਲਾਗੂ ਹੁੰਦੇ ਹੀ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤੇ ਵਿਗੜਨੇ ਸ਼ੁਰੂ ਹੋ ਗਏ ਸਨ।

ਅਮਰੀਕਾ ਦੇ ਫੈਸਲੇ 'ਤੇ ਪਾਕਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਵੱਲੋਂ ਦਿੱਤੀ ਜਾਣ ਵਾਲੀ ਆਰਥਿਕ ਮਦਦ ਵਿਚ ਕਟੌਤੀ ਸਿਰਫ ਪਾਕਿਸਤਾਨ ਲਈ ਨਹੀਂ ਕੀਤੀ ਗਈ ਹੈ ਸਗੋਂ ਇਹ ਟਰੰਪ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਮਦਦ ਨੂੰ ਘਟਾਉਣ ਦੀ ਰਣਨੀਤੀ ਦਾ ਹੀ ਹਿੱਸਾ ਹੈ।

Vandana

This news is Content Editor Vandana