ਅਮਰੀਕੀ ਰਾਜਦੂਤ ਪਹੁੰਚੇ ਕਾਬੁਲ, ਤਾਲਿਬਾਨ ਨਾਲ ਵਾਰਤਾ ਬਹਾਲ ਕਰਨ ਦੇ ਦਿੱਤੇ ਸੰਕੇਤ

12/04/2019 9:50:04 PM

ਕਾਬੁਲ - ਅਫਗਾਨਿਸਤਾਨ 'ਚ ਤਾਲਿਬਾਨ ਦੇ ਨਾਲ ਕਿਸੇ ਕਰਾਰ 'ਤੇ ਪਹੁੰਚਣ ਲਈ ਅਮਰੀਕੀ ਰਾਜਦੂਤ ਜਲਮੈਅ ਖਲੀਲਜ਼ਾਦ ਬੁੱਧਵਾਰ ਨੂੰ ਕਾਬੁਲ ਪਹੁੰਚੇ। ਅਫਗਾਨ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰੁਕੀ ਹੋਈ ਗੱਲਬਾਤ ਪੱਟੜੀ 'ਤੇ ਲਿਆਉਣ ਦੇ ਸੁਝਾਅ ਤੋਂ ਕੁਝ ਦਿਨ ਬਾਅਦ ਇਹ ਯਾਤਰਾ ਹੋ ਰਹੀ ਹੈ। ਅਫਗਾਨ ਅਧਿਕਾਰੀ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਖਲੀਲਜ਼ਾਦ ਕਾਬੁਲ 'ਚ ਹੈ ਅਤੇ ਉਹ ਬਾਅਦ 'ਚ ਰਾਸ਼ਟਰਪਤੀ ਅਤੇ ਹੋਰ ਉੱਚ ਅਫਗਾਨ ਅਧਿਕਾਰੀਆਂ ਨਾਲ ਮੁਲਕਾਤ ਕਰਨਗੇ। ਉਨ੍ਹਾਂ ਆਖਿਆ ਕਿ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨਾ ਉਨ੍ਹਾਂ ਦੇ ਏਜੰਡੇ 'ਚ ਹੋਵੇਗਾ।

ਕਾਬੁਲ ਸਥਿਤ ਅਮਰੀਕੀ ਦੂਤਘਰ ਨੇ ਇਸ 'ਤੇ ਟਿੱਪਣੀ ਤੋਂ ਇਨਕਾਰ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਤਾਲਿਬਾਨ ਸਤੰਬਰ 'ਚ ਸਮਝੌਤੇ ਦੇ ਕਰੀਬ ਪਹੁੰਚਣ ਦੇ ਨਜ਼ਰ ਆ ਰਹੇ ਸਨ ਪਰ ਤਾਲਿਬਾਨ ਦੇ ਹਮਲੇ 'ਚ ਅਮਰੀਕੀ ਫੌਜੀ ਦੀ ਮੌਤ ਤੋਂ ਬਾਅਦ ਟਰੰਪ ਨੇ ਵਾਰਤਾ ਰੱਦ ਕਰਨ ਦਾ ਐਲਾਨ ਕਰ ਦਿੱਤਾ। ਹਾਲਾਂਕਿ, ਪਿਛਲੇ ਹਫਤੇ ਅਚਾਨਕ ਅਫਗਾਨਿਸਤਾਨ ਸਥਿਤ ਅਮਰੀਕੀ ਫੌਜੀ ਟਿਕਾਣੇ ਪਹੁੰਚੇ ਟਰੰਪ ਨੇ ਆਖਿਆ ਕਿ ਉਹ ਤਾਲਿਬਾਨ ਨਾਲ ਸਮਝੌਤਾ ਕਰਨਾ ਚਾਹੁੰਦੇ ਹਨ। ਉਥੇ ਤਾਲਿਬਾਨ ਦਾ ਆਖਣਾ ਹੈ ਕਿ ਵਾਸ਼ਿੰਗਟਨ ਨਾਲ ਗੱਲਬਾਤ ਨੂੰ ਬਹਾਲ ਕਰਨ ਦੇ ਬਾਰੇ 'ਚ ਕੁਝ ਵੀ ਆਖਣਾ ਜਲਦਬਾਜ਼ੀ ਹੋਵੇਗੀ।

Khushdeep Jassi

This news is Content Editor Khushdeep Jassi