ਹੁਣ ਅਮਰੀਕਾ ''ਚ ਰਜਿਸਟਰਡ ਚੀਨੀ ਕੰਪਨੀਆਂ ''ਤੇ ਕਾਰਵਾਈ ਦੀ ਤਿਆਰੀ ''ਚ ਟਰੰਪ

08/07/2020 5:07:36 PM

ਵਾਸ਼ਿੰਗਟਨ (ਭਾਸ਼ਾ) : ਚਾਈਨੀਜ਼ ਐਪ ਟਿਕਟਾਕ ਅਤੇ ਵੀਚੈਟ 'ਤੇ ਪਾਬੰਦੀ ਦਾ ਹੁਕਮ ਜਾਰੀ ਕਰਨ ਤੋਂ ਬਾਅਦ ਡੋਨਾਲਡ ਟਰੰਪ ਨੇ ਅਮਰੀਕਾ 'ਚ ਲਿਸਟਡ ਚਾਈਨੀਜ਼ ਕੰਪਨੀਆਂ 'ਤੇ ਕਾਰਵਾਈ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਕਾਰਵਾਈ ਉਨ੍ਹਾਂ ਚਾਈਨੀਜ਼ ਕੰਪਨੀਆਂ 'ਤੇ ਹੋਵੇਗੀ ਜੋ ਅਮਰੀਕੀ ਸਟਾਕ ਐਕਸਚੇਂਜ 'ਚ ਲਿਸਟਡ ਤਾਂ ਹਨ ਪਰ ਅਮਰੀਕਨ ਆਡਿਟ ਵਿਵਸਥਾਵਾਂ ਨੂੰ ਪੂਰਾ ਨਹੀਂ ਕਰਦੀਆਂ ਹਨ। ਦਿ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਜੋ ਪ੍ਰਸਤਾਵ ਦਿੱਤਾ ਗਿਆ ਹੈ, ਉਸ ਦੇ ਤਹਿਤ ਜੇ ਕੋਈ ਚਾਈਨੀਜ਼ ਕੰਪਨੀ ਨਿਊਯਾਰਕ ਸਟਾਕ ਐਕਸਚੇਂਜ ਜਾਂ ਨਾਸਡੈਕ 'ਚ ਲਿਸਟਡ ਹਨ ਤਾਂ ਉਸ ਨੂੰ ਅਮਰੀਕੀ ਰੈਗੂਲੇਟਰ ਵੱਲੋਂ ਆਡਿਟ ਕਰਨਾ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ 'ਤੇ ਉਨ੍ਹਾਂ ਕੰਪਨੀਆਂ ਨੂੰ ਲਿਸਟ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਆਈ. ਪੀ. ਓ. ਜਾਰੀ ਕਰਨ ਤੋਂ ਪਹਿਲਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ
ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਚੀਨੀ ਆਡਿਟਰਸ ਨੂੰ ਆਪਣੇ ਅਕਾਊਂਟਿੰਗ ਦੇ ਕਾਗਜ਼ ਅਮਰੀਕੀ ਸਰਕਾਰ ਦੇ ਵਿਸ਼ੇਸ਼ ਆਡਿਟ ਰੈਗੂਲੇਟਰ ਜਨਤਕ ਕੰਪਨੀ ਲੇਖਾ ਨਿਰੀਖਣ ਬੋਰਡ ਦੀ ਨਿਗਰਾਨੀ ਨਾਲ ਸਾਂਝੇ ਕਰਨੇ ਹੋਣਗੇ। ਰਿਪੋਰਟ 'ਚ ਵਿੱਤ ਮੰਤਰਾਲਾ ਅਤੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜੋ ਚੀਨੀ ਕੰਪਨੀਆਂ ਹਾਲੇ ਤੱਕ ਸੂਚੀਬੱਧ ਨਹੀਂ ਹੋਈਆਂ ਹਨ, ਪਰ ਅਮਰੀਕਾ 'ਚ ਮੁੱਢਲੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਦੀ ਯੋਜਨਾ ਬਣਾ ਰਹੀਆਂ ਹਨ, ਉਨ੍ਹਾਂ ਨੂੰ ਨਿਊਯਾਰਕ ਸਟਾਕ ਐਕਸਚੇਂਜ ਜਾਂ ਨਾਸਡੈਕ 'ਤੇ ਜਨਤਕ ਹੋਣ ਤੋਂ ਪਹਿਲਾਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

3 ਸਾਲ 'ਚ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ
ਰਿਪੋਰਟ ਮੁਤਾਬਕ ਅਮਰੀਕਨ ਸਕਿਓਰਿਟੀਜ਼ ਜਾਂ ਐਕਸਚੇਂਜ ਕਮਿਸ਼ਨ ਦੇ ਪ੍ਰਧਾਨ ਜੇ. ਕਲੇਟਨ ਨੇ ਕਿਹਾ ਕਿ ਇਹ ਸਿਫਾਰਿਸ਼ਾਂ ਕਾਂਗਰਸ ਦੇ ਕਾਨੂੰਨ ਮੁਤਾਬਕ ਹਨ ਅਤੇ ਬਰਾਬਰੀ ਦੇ ਮੁਕਾਬਲੇ ਦੇ ਮਹੱਤਵ 'ਤੇ ਕੇਂਦਰਿਤ ਹਨ। ਇਸ ਸਬੰਧ 'ਚ ਅਮਰੀਕੀ ਸੀਨੇਟ ਨੇ ਮਈ 'ਚ ਕਾਨੂੰਨ ਪਾਸ ਕੀਤਾ ਸੀ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਕਾਨੂੰਨ ਮੁਤਾਬਕ 3 ਸਾਲ 'ਚ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਚੀਨੀ ਕੰਪਨੀਆਂ ਨੂੰ ਸ਼ੇਅਰ ਬਾਜ਼ਾਰ ਤੋਂ ਹਟਾ ਦਿੱਤਾ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਦਾ ਤਾਜ਼ਾ ਕਦਮ ਚੀਨੀ ਕੰਪਨੀਆਂ 'ਤੇ ਨਕੇਲ ਕੱਸਣ ਦੀ ਕੋਸ਼ਿਸ਼ ਦਾ ਹਿੱਸਾ ਹੈ।

cherry

This news is Content Editor cherry