ਅਮਰੀਕਾ ਨੇ ਬਲੋਚ ਵੱਖਵਾਦੀ ਸੰਗਠਨ ਬੀ.ਐੱਲ.ਏ. ਨੂੰ ਐਲਾਨਿਆਂ ਅੱਤਵਾਦੀ ਸਮੂਹ

07/03/2019 4:47:08 PM

ਵਾਸ਼ਿੰਗਟਨ/ਇਸਲਾਮਾਬਾਦ— ਅਮਰੀਕਾ ਨੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ 'ਚ ਪਾਕਿਸਤਾਨੀ ਸਰਕਾਰ ਦੇ ਖਿਲਾਫ ਲੜ ਰਹੇ ਵੱਖਵਾਦੀ ਸੰਗਠਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਅੱਤਵਾਦੀ ਸਮੂਹ ਐਲਾਨ ਕੀਤਾ ਹੈ। ਅਮਰੀਕਾ ਨੇ ਇਹ ਫੈਸਲਾ ਅਜਿਹੇ ਵੇਲੇ 'ਚ ਲਿਆ ਜਦੋਂ ਇਸ ਸੰਗਠਨ ਨੇ ਬੰਦਰਗਾਹ ਸ਼ਹਿਰ ਗਵਾਦਰ 'ਚ ਪੰਜ ਸਿਤਾਰਾ ਹੋਟਲ 'ਤੇ ਹਮਲਾ ਕੀਤਾ ਸੀ।

ਪਾਕਿਸਤਾਨ ਨੇ 2006 'ਚ ਇਸ ਸੰਗਠਨ 'ਤੇ ਪਾਬੰਦੀ ਲਗਾਈ ਸੀ ਤੇ ਉਸ ਨੇ ਅਮਰੀਕਾ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਬੀ.ਐੱਲ.ਏ. ਇਕ ਹਥਿਆਰਬੰਦ ਵੱਖਵਾਦੀ ਸਮੂਹ ਹੈ ਜੋ ਮੁੱਖ ਰੂਪ ਨਾਲ ਪਾਕਿਸਤਾਨ ਦੇ ਬਲੋਚ ਖੇਤਰਾਂ 'ਚ ਸੁਰੱਖਿਆ ਬਲਾਂ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਮੰਤਰਾਲਾ ਨੇ ਅਮਰੀਕਾ ਦੇ ਕਿਸੇ ਵੀ ਵਿਅਕਤੀ ਵਲੋਂ ਬੀ.ਐੱਲ.ਏ. ਵੱਖਵਾਦੀਆਂ ਦੀ ਮਦਦ ਕਰਨ ਨੂੰ ਅਪਰਾਧ ਬਣਾਇਆ ਹੈ। ਮੰਤਰਾਲੇ ਨੇ ਕਿਹਾ ਕਿ ਸੰਗਠਨ ਨੇ ਅਗਸਤ 2018 'ਚ ਬਲੋਚਿਸਤਾਨ ਦੇ ਇੰਜੀਨੀਅਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਆਤਮਘਾਤੀ ਹਮਲੇ ਸਣੇ ਬੀਤੇ ਸਾਲ ਕਈ ਆਤਮਘਾਤੀ ਹਮਲੇ ਕੀਤੇ। ਸੰਗਠਨ ਨੇ 2019 'ਚ ਗਵਾਦਰ ਦੇ ਇਕ ਆਲੀਸ਼ਾਨ ਹੋਟਲ 'ਤੇ ਹਮਲਾ ਕੀਤਾ ਸੀ। ਅਮਰੀਕਾ ਦੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਪਾਕਿਸਤਾਨ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਇਹ ਕਾਰਵਾਈ ਪੁਖਤਾ ਕਰੇਗੀ ਕਿ ਬੀ.ਐੱਲ.ਏ. 'ਤੇ ਰੋਕ ਲੱਗ ਸਕੇਗੀ।

Baljit Singh

This news is Content Editor Baljit Singh