ਸ਼ਾਪਿੰਗ ਦਾ ਕ੍ਰੇਜ਼ : ਕੋਰੋਨਾ ਕਾਲ ਦੌਰਾਨ ਹਜ਼ਾਰਾਂ ਅਮਰੀਕੀਆਂ ਨੇ ਕੈਨੇਡਾ ਜਾਣ ਦੀ ਕੀਤੀ ਕੋਸ਼ਿਸ਼

07/16/2020 10:10:56 AM

ਓਟਾਵਾ- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਵੇਂ ਅੰਕੜਿਆਂ ਅਨੁਸਾਰ, ਕੋਰੋਨਾ ਮਹਾਮਾਰੀ ਦੌਰਾਨ 10,000 ਤੋਂ ਵੀ ਵਧੇਰੇ ਅਮਰੀਕੀ ਨਾਗਰਿਕਾਂ ਨੇ ਕੈਨੇਡੀਅਨ ਸਰਹੱਦ ਲੰਘਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਮੋੜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਅੱਧੇ ਭਾਵ 5 ਹਜ਼ਾਰ ਲੋਕ ਕੈਨੇਡਾ ਵਿਚ ਸ਼ਾਪਿੰਗ ਕਰਨ ਲਈ ਜਾਣਾ ਚਾਹੁੰਦੇ ਸਨ। 

ਅਧਿਕਾਰਕ ਅੰਕੜਿਆਂ ਮੁਤਾਬਕ 22 ਮਾਰਚ ਤੋਂ 12 ਜੁਲਾਈ ਵਿਚਕਾਰ 10,329 ਅਮਰੀਕੀ ਲੋਕਾਂ ਨੇ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੋਕਾਂ ਨੂੰ ਸਮਾਜਕ ਦੂਰੀ ਵਰਤਣ ਤੇ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਸੀ ਪਰ ਫਿਰ ਵੀ ਵੱਡੀ ਗਿਣਤੀ ਵਿਚ ਅਮਰੀਕੀ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਲਗਭਗ 2700 ਲੋਕ ਘੁੰਮਣ-ਫਿਰਨ ਲਈ ਕੈਨੇਡਾ ਵਿਚ ਦਾਖਲ ਹੋਣਾ ਚਾਹੁੰਦੇ ਸਨ। 

ਅਧਿਕਾਰੀਆਂ ਮੁਤਾਬਕ 500 ਅਮਰੀਕੀ ਜੋ ਪਹਿਲਾਂ ਹੀ ਕੈਨੇਡਾ ਵਿਚ ਸ਼ਾਪਿੰਗ ਕਰਨ ਲਈ ਦਾਖਲ ਹੋਏ ਸਨ, ਨੂੰ ਵਾਪਸ ਅਮਰੀਕਾ ਭੇਜਿਆ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ਨੇ ਕੋਰੋਨਾ ਵਾਇਰਸ ਫੈਲਣ ਮਗਰੋਂ ਮੱਧ ਮਾਰਚ ਤੋਂ ਬੰਦ ਕੀਤੇ ਹੋਏ ਹਨ। ਅਮਰੀਕਾ ਤੇ ਕੈਨੇਡਾ ਨੇ ਇਸ ਦੌਰਾਨ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ 'ਤੇ ਰੋਕ ਲਗਾ ਦਿੱਤੀ ਸੀ।

Lalita Mam

This news is Content Editor Lalita Mam