ਸ਼੍ਰੀਲੰਕਾ 'ਚ ਹੋਰ ਧਮਾਕੇ ਹੋਣ ਦਾ ਖਦਸ਼ਾ,US ਨੇ ਦਿੱਤੀ ਇਹ ਸਲਾਹ

04/27/2019 10:36:28 AM

ਕੋਲੰਬੋ, (ਭਾਸ਼ਾ)— ਸ਼੍ਰੀਲੰਕਾ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਉੱਥੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣ ਦੀ ਸਲਾਹ ਦਿੱਤੀ ਹੈ। ਉਸ ਨੇ ਪਹਿਲਾਂ ਵੀ ਇਹ ਚਿਤਾਵਨੀ ਜਾਰੀ ਕੀਤੀ ਸੀ ਪਰ ਸ਼੍ਰੀਲੰਕਾ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਕ ਵਾਰ ਫਿਰ ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਆਪਣੇ ਲੋਕਾਂ ਲਈ ਇਹ ਸਲਾਹ ਜਾਰੀ ਕੀਤੀ ਹੈ। ਉਸ ਨੂੰ ਖਦਸ਼ਾ ਹੈ ਕਿ ਸ਼੍ਰੀਲੰਕਾ 'ਚ ਅਜਿਹੀਆਂ ਹੋਰ ਘਟਨਾਵਾਂ ਹੋ ਸਕਦੀਆਂ ਹਨ।

 

ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ''ਅੱਤਵਾਦੀ ਬਿਨਾਂ ਕਿਸੇ ਚਿਤਾਵਨੀ ਦੇ ਹਮਲਾ ਕਰ ਸਕਦੇ ਹਨ। ਅੱਤਵਾਦੀ ਸੈਲਾਨੀ ਸਥਾਨਾਂ, ਆਵਾਜਾਈ ਟਿਕਾਣਿਆਂ, ਬਾਜ਼ਾਰਾਂ, ਸ਼ਾਪਿੰਗ ਮਾਲ, ਸਰਕਾਰੀ ਸੰਸਥਾਵਾਂ, ਹੋਟਲਾਂ, ਕਲੱਬਾਂ, ਰੈਸਟੋਰੈਂਟਾਂ, ਪ੍ਰਾਰਥਨਾ ਸਭਾਵਾਂ, ਪਾਰਕਾਂ, ਖੇਡ ਅਤੇ ਭਾਈਚਾਰਕ ਪ੍ਰੋਗਰਾਮਾਂ, ਸਿੱਖਿਅਕ ਸੰਸਥਾਵਾਂ, ਹਵਾਈ ਅੱਡਿਆਂ, ਹਸਪਤਾਲਾਂ ਅਤੇ ਹੋਰ ਜਨਤਕ ਸਥਾਨਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਸਬੰਧੀ ਅਮਰੀਕਾ ਨੇ ਪਹਿਲਾਂ ਵੀ ਆਪਣੇ ਨਾਗਰਿਕਾਂ ਨੂੰ ਅਲਰਟ ਕੀਤਾ ਸੀ ਪਰ ਹੁਣ ਉਨ੍ਹਾਂ ਨੇ ਅਲਰਟ ਦਾ ਲੈਵਲ ਵਧਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਸ਼੍ਰੀਲੰਕਾ 'ਚ ਹਾਲ ਹੀ 'ਚ ਈਸਟਰ ਸੰਡੇ ਨੂੰ ਲੜੀਵਾਰ ਕਈ ਬੰਬ ਧਮਾਕੇ ਹੋਏ ਸਨ, ਜਿਸ 'ਚ 359 ਲੋਕ ਮਾਰੇ ਗਏ ਤੇ ਲਗਭਗ 500 ਲੋਕ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਬੀਤੇ ਦਿਨ 3 ਹੋਰ ਬੰਬ ਧਮਾਕੇ ਹੋਏ। ਪੁਲਸ ਤੇ ਫੌਜ ਮਿਲ ਕੇ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ।