ਤਾਲਿਬਾਨ ਦਾ ਖ਼ੌਫ, ਲੁਕਣ ਲਈ ਮਜਬੂਰ ਅਮਰੀਕੀ ਨਾਗਰਿਕ ਅਤੇ ਗ੍ਰੀਨ ਕਾਰਡ ਧਾਰਕ ਲੋਕ

09/19/2021 10:30:53 AM

ਕਾਬੁਲ/ਵਾਸ਼ਿੰਗਟਨ (ਭਾਸ਼ਾ): ਅਮਰੀਕੀ ਗ੍ਰੀਨ ਕਾਰਡ ਧਾਰਕ ਲੋਕਾਂ ਵਿਚੋਂ ਕੈਲੀਫੋਰਨੀਆ ਦਾ ਇਕ ਜੋੜਾ ਆਪਣੇ ਤਿੰਨ ਛੋਟੇ ਬੱਚਿਆਂ ਨਾਲ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਹਰ ਰਾਤ ਵੱਖ-ਵੱਖ ਘਰ ਵਿਚ ਬਿਤਾਉਂਦਾ ਹੈ ਅਤੇ ਦੋਵੇਂ ਬਾਲਗ ਵਾਰੀ-ਵਾਰੀ ਨਾਲ ਸੌਂਦੇ ਹਨ ਤਾਂ ਜੋ ਜਦੋਂ ਇਕ ਸੌਂ ਰਿਹਾ ਹੋਵੇ ਤਾਂ ਦੂਜਾ ਬੱਚਿਆਂ 'ਤੇ ਨਜ਼ਰ ਰੱਖੇ। ਇਸ ਦੌਰਾਨ ਜੇਕਰ ਤਾਲਿਬਾਨ ਦੇ ਲੋਕਾਂ ਦੀ ਆਹਟ ਹੋਵੇ ਤਾਂ ਉਹ ਤੁਰੰਤ ਉੱਥੋਂ ਭੱਜ ਸਕਣ। ਦੋ ਹਫ਼ਤੇ ਵਿਚ ਇਹ ਸੱਤ ਵਾਰੀ ਰਹਿਣ ਦੀ ਜਗ੍ਹਾ ਬਦਲ ਚੁੱਕੇ ਹਨ। ਰਹਿਣ ਅਤੇ ਭੋਜਨ ਲਈ ਉਹ ਆਪਣੇ ਸੰਬੰਧੀਆਂ 'ਤੇ ਨਿਰਭਰ ਹਨ। ਉਹਨਾਂ ਨੂੰ ਬੇਤਾਬੀ ਨਾਲ ਇੰਤਜ਼ਾਰ ਹੈ ਇਕ ਕਾਲ ਦਾ, ਜਿਸ ਵਿਚ ਕੋਈ ਉਹਨਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਵਿਚ ਮਦਦ ਕਰਨ ਦੀ ਗੱਲ ਕਰੇ।

ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਉਹਨਾਂ ਨੂੰ ਕਈ ਦਿਨ ਪਹਿਲਾਂ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਹਨਾਂ ਦੀ ਜ਼ਿੰਮੇਵਾਰੀ ਇਖ ਵਿਅਕਤੀ ਨੂੰ ਦਿੱਤੀ ਗਈ ਹੈ ਪਰ ਉਸ ਮਗਰੋਂ ਕਿਸੇ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ। ਹੁਣ ਇੱਥੋਂ ਨਿਕਲਣ ਲਈ ਉਹ ਇਕ ਅੰਤਰਰਾਸ਼ਟਰੀ ਬਚਾਅ ਸੰਗਠਨ ਦੇ ਸੰਪਰਕ ਵਿਚ ਹਨ। ਐਸੋਸੀਏਟਿਡ ਪ੍ਰੈੱਸ ਨੂੰ ਭੇਜੇ ਸੰਦੇਸ਼ ਵਿਚ ਬੱਚਿਆਂ ਦੀ ਮਾਂ ਨੇ ਕਿਹਾ,''ਅਸੀਂ ਡਰੇ ਹੋਏ ਹਾਂ ਅਤੇ ਲੁਕ ਕੇ ਰਹਿ ਰਹੇ ਹਾਂ।'' ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਦੇ ਬਾਅਦ ਅਮਰੀਕਾ ਦੇ ਕਈ ਨਾਗਰਿਕ, ਅਮਰੀਕਾ ਦੇ ਸਥਾਈ ਵਸਨੀਕ, ਗ੍ਰੀਨ ਕਾਰਡ ਧਾਰਕ, ਵੀਜ਼ਾ ਬਿਨੈਕਾਰਾਂ ਸਮੇਤ ਅਜਿਹੇ ਕਈ ਲੋਕ ਹਨ ਜਿਹਨਾਂ ਨੇ 20 ਸਾਲ ਚੱਲੇ ਯੁੱਧ ਵਿਚ ਅਮਰੀਕੀ ਸੈਨਿਕਾਂ ਦੀ ਮਦਦ ਕੀਤੀ ਸੀ ਅਤੇ ਉਹ ਅਫਗਾਨਿਸਤਾਨ ਤੋਂ ਨਿਕਲ ਨਹੀਂ ਪਾਏ ਹਨ। 

ਪੜ੍ਹੋ ਇਹ ਅਹਿਮ ਖਬਰ - IMF ਦਾ ਤਾਲਿਬਾਨ ਨੂੰ ਝਟਕਾ, ਅਫਗਾਨਿਸਤਾਨ ਨਾਲ ਰਿਸ਼ਤੇ ਕੀਤੇ ਮੁਅੱਤਲ

ਅਜਿਹੇ ਸਾਰੇ ਲੋਕਾਂ ਨਾਲ ਗੱਲ ਕਰਨ 'ਤੇ ਪਤਾ ਚੱਲਿਆ ਕਿ ਉਹ ਸੱਤਾਧਾਰੀ ਤਾਲਿਬਾਨ ਤੋਂ ਬਹੁਤ ਡਰੇ ਹੋਏ ਹਨ ਅਤੇ ਉਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਤਾਲਿਬਾਨ ਦੇ ਲੋਕ ਉਹਨਾਂ ਨੂੰ ਲੱਭ ਲੈਣਗੇ, ਜੇਲ੍ਹ ਵਿਚ ਸੁੱਟ ਦੇਣਗੇ ਜਾਂ ਫਿਰ ਮਾਰ ਹੀ ਦੇਣਗੇ ਕਿਉਂਕਿ ਉਹ ਅਮਰੀਕੀ ਹਨ ਅਤੇ ਉਹਨਾਂ ਨੇ ਅਮਰੀਕੀ ਸਰਕਾਰ ਲਈ ਕੰਮ ਕੀਤਾ ਹੈ। ਇਹਨਾਂ ਲੋਕਾਂ ਦੀ ਚਿੰਤਾ ਹੈ ਕਿ ਬਾਈਡੇਨ ਪ੍ਰਸ਼ਾਸਨ ਨੇ ਉਹਨਾਂ ਨੂੰ ਕੱਢਣ ਲਈ ਕੋਸ਼ਿਸ਼ ਕਰਨ ਦਾ ਜਿਹੜਾ ਵਾਅਦਾ ਕੀਤਾ ਸੀ ਹੁਣ ਉਹ ਵੀ ਰੁੱਕ ਗਿਆ ਹੈ। 

ਕਾਬੁਲ ਦੇ ਇਕ ਅਪਾਰਟਮੈਂਟ ਵਿਚ ਰਹਿ ਰਹੇ ਗ੍ਰੀਨਕਾਰਡ ਧਾਰਕ ਇਕ ਵਿਅਕਤੀ ਦੇ ਘਰ ਜਦੋਂ ਫੋਨ ਦੀ ਘੰਟੀ ਵੱਜੀ ਤਾਂ ਉਸ ਨੂੰ ਲੱਗਿਆ ਕਿ ਇਹ ਅਮਰੀਕੀ ਵਿਦੇਸ਼ ਵਿਭਾਗ ਤੋਂ ਹੋਵੇਗਾ ਜੋਂ ਉਹਨਾਂ ਨੂੰ ਉੱਥੋਂ ਲਿਜਾਣ ਦੀ ਗੱਲ ਕਰਨਗੇ ਪਰ ਇਹ ਫੋਨ ਤਾਲਿਬਾਨ ਦਾ ਸੀ ਜਿਸ ਵਿਚ ਕਿਹਾ ਗਿਆ,''ਅਸੀਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ। ਆਓ ਸਾਡੇ ਨਾਲ ਮੁਲਾਕਾਤ ਕਰੋ। ਕੁਝ ਨਹੀਂ ਹੋਵੇਗਾ। ਇਸ ਵਿਚ ਇਹ ਵੀ ਕਿਹਾ ਗਿਆ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਕਿੱਥੇ ਹੋ।'' ਇਹਨਾਂ ਸ਼ਬਦਾਂ ਨੂੰ ਸੁਣ ਕੇ ਉਹ ਵਿਅਕਤੀ ਆਪਣੇ ਪਰਿਵਾਰ ਨੂੰ ਲੈ ਕੇ ਉਸ ਅਪਾਰਟਮੈਂਟ ਤੋਂ ਭੱਜ ਗਿਆ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਿਛਲੇ ਹਫ਼ਤੇ ਕਾਂਗਰਸ ਦੇ ਸਾਹਮਣੇ ਕਿਹਾ ਸੀ ਕਿ ਉਹਨਾਂ ਦਾ ਅਜਿਹਾ ਅਨੁਮਾਨ ਹੈ ਕਿ ਹਜ਼ਾਰਾਂ ਗ੍ਰੀਨਕਾਰਡ ਧਾਰਕ ਅਤੇ ਕਰੀਬ 100 ਅਮਰੀਕੀ ਨਾਗਰਿਕ ਹਾਲੇ ਵੀ ਅਫਗਾਨਿਸਤਾਨ ਵਿਚ ਹਨ। ਬਲਿੰਕਨ ਨੇ ਕਿਹਾ ਸੀ ਕਿ ਅਮਰੀਕੀ ਸਰਕਾਰ ਉਹਨਾਂ ਨੂੰ ਕੱਢਣ ਲਈ ਹਾਲੇ ਵੀ ਕੋਸ਼ਿਸ਼ਾਂ ਕਰ ਰਹੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana