ਅਮਰੀਕਾ : ਟਰੰਪ ਦੀ ਕੱਟੜ ਸਮਰਥਕ ਦੀ ਹਿੰਸਾ ''ਚ ਮੌਤ

01/07/2021 12:57:03 PM

ਲਾਸ ਏਂਜਲਸ- ਵਾਸ਼ਿੰਗਟਨ ਡੀ.ਸੀ. ਵਿਚ ਅਮਰੀਕੀ ਸੰਸਦ ਭਵਨ ਕੈਪੀਟਲ ਬਿਲਡਿੰਗ ਦੇ ਬਾਹਰ ਟਰੰਪ ਸਮਰਥਕਾਂ ਦੇ ਹੰਗਾਮੇ ਦੌਰਾਨ ਗੋਲੀਬਾਰੀ ਵਿਚ ਮਾਰੀ ਗਈ ਜਨਾਨੀ ਦੀ ਪਛਾਣ ਐਸ਼ਲੀ ਬੈਬਨਿਟ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਰਾਸ਼ਟਰਪਤੀ ਟਰੰਪ ਦੀ ਕੱਟੜ ਸਮਰਥਕ ਸੀ, ਜਿਸ ਨੇ ਅਮਰੀਕੀ ਹਵਾਈ ਫ਼ੌਜ ਵਿਚ ਵੀ ਆਪਣੀ ਸੇਵਾ ਦਿੱਤੀ ਸੀ। 

ਰਾਸ਼ਟਰਪਤੀ ਟਰੰਪ ਦੀ ਚੋਣ ਵਿਚ ਹਾਰ ਦੇ ਨਤੀਜਿਆਂ ਨੂੰ ਬਦਲਣ ਦੀ ਮੰਗ ਕਰ ਰਹੇ ਸੈਂਕੜੇ ਪ੍ਰਦਰਸ਼ਨਕਾਰੀਆਂ ਵਲੋਂ ਅਮਰੀਕੀ ਸੰਸਦ ਭਵਨ ਕੈਪੀਟਲ ਇਮਾਰਤ ਨੂੰ ਘੇਰਨ ਦੇ ਬਾਅਦ ਉੱਥੇ ਸੁਰੱਖਿਆ ਫ਼ੌਜ ਨਾਲ ਉਨ੍ਹਾਂ ਦੀ ਝੜਪ ਹੋਈ, ਜਿਸ ਦੇ ਬਾਅਦ ਹਿੰਸਾ ਭੜਕ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੋਲੀਆਂ ਵੀ ਚਲਾਈਆਂ, ਜਿਸ ਵਿਚ ਐਸ਼ਲੀ ਬੈਬਬਿਟ ਜ਼ਖ਼ਮੀ ਹੋ ਕੇ ਫਰਸ਼ ਉੱਤੇ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। 

ਬੈਬਬਿਟ ਦੇ ਪਤੀ ਦੇ ਹਵਾਲੇ ਤੋਂ ਸੈਨ ਡਿਓਗੋ ਟੀ. ਵੀ. ਚੈਨਲ ਨੇ ਕਿਹਾ ਕਿ ਮ੍ਰਿਤਕ ਜਨਾਨੀ ਐਸ਼ਲੀ ਬੈਬਬਿਟ ਹਨ, ਜਿਸਨੇ ਅਮਰੀਕੀ ਹਵਾਈ ਫ਼ੌਜ ਨਾਲ ਚਾਰ ਦੌਰੇ ਕੀਤੇ ਸਨ। ਰਿਪੋਰਟ ਮੁਤਾਬਕ ਉਹ ਦੱਖਣੀ ਕੈਲੀਫੋਰਨੀਆ ਦੇ ਸੈਨ ਡਿਆਗੋ ਦੀ ਰਹਿਣ ਵਾਲੀ ਸੀ। 

ਕੈਪੀਟਲ ਇਮਾਰਤ ਅੰਦਰ ਹਿੰਸਕ ਪ੍ਰਦਰਸ਼ਨ ਦੀ ਸਾਰੀ ਦੁਨੀਆ ਨਿੰਦਾ ਕਰ ਰਹੀ ਹੈ। ਵੀਡੀਓਜ਼ ਵਿਚ ਦਿਖਾਈ ਦੇ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਹਿੰਸਾ ਕਰ ਰਹੇ ਹਨ ਤੇ ਪੁਲਸ ਤੇ ਸੁਰੱਖਿਆ ਫ਼ੌਜ ਉਨ੍ਹਾਂ ਨੂੰ ਰੋਕ ਰਹੀ ਹੈ। ਇਸ ਦੌਰਾਨ ਸੁਰੱਖਿਆ ਕਰਮਚਾਰੀ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਕਰਨ ਲਈ ਆਪਣੀਆਂ ਬੰਦੂਕਾਂ ਤਾਣਦੇ ਦਿਖਾਈ ਦੇ ਰਹੇ ਹਨ। ਪੁਲਸ ਨੇ ਘਟਨਾ ਦੀ ਜਾਣਕਾਰੀ ਦਿੱਤੇ ਬਿਨਾਂ ਸਿਰਫ ਇੰਨਾ ਕਿਹਾ ਹੈ ਕਿ ਗੋਲੀ ਲੱਗਣ ਦੇ ਬਾਅਦ ਜਨਾਨੀ ਦੀ ਮੌਤ ਹੋ ਗਈ ਹੈ।

Lalita Mam

This news is Content Editor Lalita Mam