ਅਮਰੀਕਾ : ਵਾਲਮਾਰਟ 'ਚ ਚੱਲੀਆਂ ਗੋਲੀਆਂ, 1 ਦੀ ਮੌਤ

01/07/2020 10:05:46 PM

ਵਾਸ਼ਿੰਗਟਨ - ਪੂਰੇ ਅਮਰੀਕਾ 'ਚ ਵਧਦੇ ਗਨ ਕੱਲਚਰ ਕਾਰਨ ਆਏ ਦਿਨੀਂ ਗੋਲੀਬਾਰੀ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਲੋਕਾਂ ਵੱਲੋਂ ਕਈ ਦਫਾ ਇਸ 'ਤੇ ਰੋਕ ਲਗਾਉਣ ਦੀ ਮੰਗ ਕਰਨ ਤੋਂ ਬਾਅਦ ਵੀ ਅਮਰੀਕੀ ਸਰਕਾਰ ਇਸ 'ਤੇ ਕੋਈ ਕਦਮ ਨਹੀਂ ਚੁੱਕ ਰਹੀ ਹੈ, ਨਤੀਜਾ ਇਹ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਲੂਸੀਆਨਾ ਸਥਿਤ ਨਿਊ ਓਰਲੀਨਸ ਸ਼ਹਿਰ ਤੋਂ ਸਾਹਮਣੇ ਆਇਆ ਹੈ।

ਇਥੇ ਇਕ ਵਾਲਮਾਰਟ 'ਚ ਇਕ ਅਣਪਛਾਤੇ ਸ਼ਖਸ ਵੱਲੋਂ ਗੋਲੀਬਾਰੀ ਕੀਤੇ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਨੇ ਇਸ ਸਬੰਧ 'ਚ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਸ਼ਿੰਹੂਆ ਦੀ ਰਿਪੋਰਟ ਮੁਤਾਬਕ, ਨਿਊ ਓਰਲੀਨਸ ਪੁਲਸ ਪ੍ਰਮੁਖ ਸ਼ੌਨ ਫਗ੍ਰਯੂਸਨ ਨੇ ਆਖਿਆ ਹੈ ਕਿ ਸੋਮਵਾਰ ਸ਼ਾਮ ਇਕ ਸ਼ਖਸ ਵਾਲਮਾਰਟ 'ਚ ਗਿਆ ਅਤੇ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਚ 2 ਲੋਕ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ, ਘਟਨਾ ਦੌਰਾਨ ਸਟੋਰ 'ਚ ਸੈਂਕੜੇ ਲੋਕ ਸਨ। ਫਗ੍ਰਯੂਸਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਗੋਲੀ ਲੱਗਣ ਨਾਲ ਵਾਲਮਾਰਟ ਦੇ ਇਕ ਕਰਮੀ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਉਥੇ ਦੂਜੇ ਸ਼ਖਸ ਦੇ ਪੈਰ 'ਚ ਗੋਲੀ ਲੱਗੀ ਪਰ ਉਸ ਦੀ ਹਾਲਤ ਸਥਿਰ ਹੈ। ਵਾਲਮਾਰਟ ਦੇ ਸੁਰੱਖਿਆ ਕਰਮੀ ਨੇ ਸ਼ੱਕੀ ਨੂੰ ਰੋਕਿਆ। ਇਸ ਤੋਂ ਬਾਅਦ ਜਾਂਚ ਲਈ ਉਸ ਨੂੰ ਪੁਲਸ ਹੈੱਡਕੁਆਰਟਰ ਪਹੁੰਚਾ ਦਿੱਤਾ ਗਿਆ। ਪੁਲਸ ਨੇ ਆਖਿਆ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਾਵਰ ਨੇ ਅਚਾਨਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂ ਉਹ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦੇ ਸਨ।


Khushdeep Jassi

Content Editor

Related News