ਅਮਰੀਕਾ: ਨਿਊ ਮੈਕਸੀਕੋ ਦੇ ਜੰਗਲਾਂ ''ਚ ਅੱਗ ਕਾਰਨ 2 ਲੋਕਾਂ ਦੀ ਮੌਤ, 200 ਤੋਂ ਵੱਧ ਘਰ ਤਬਾਹ

04/15/2022 4:01:30 PM

ਸਾਂਤਾ ਫੇ/ਅਮਰੀਕਾ (ਏਜੰਸੀ)- ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੱਧ ਘਰ ਤਬਾਹ ਹੋ ਗਏ ਹਨ। ਫਾਇਰ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅੱਗ ਲੱਗਣ ਕਾਰਨ ਲਗਭਗ 5000 ਲੋਕਾਂ ਦੀ ਆਬਾਦੀ ਵਾਲੇ ਰੂਈਡੋਸੋ ਦੇ ਪਹਾੜੀ ਭਾਈਚਾਰੇ ਨੂੰ ਉਥੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਇਲਾਕੇ ਵਿੱਚੋਂ 2 ਵਿਅਕਤੀਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਇੱਕ ਘਰ ਦੇ ਨੇੜਿਓਂ ਮਿਲੀਆਂ, ਜੋ ਉਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।

ਨਿਊ ਮੈਕਸੀਕੋ ਸਟੇਟ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਨੂੰ ਤੇਜ਼ ਹਵਾ ਕਾਰਨ ਭਿਆਨਕ ਰੂਪ ਧਾਰ ਚੁੱਕੀ ਅੱਗ ਦੀ ਲਪੇਟ ਵਿਚ ਆਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਮ੍ਰਿਤਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰੂਈਡੋਸੋ ਦੇ ਸਕੂਲ ਅਗਲੇ ਹਫ਼ਤੇ ਤੱਕ ਬੰਦ ਕਰ ਦਿੱਤੇ ਗਏ ਹਨ। ਇਕ ਹਾਈ ਸਕੂਲ ਦੀ ਅੰਗਰੇਜ਼ੀ ਅਧਿਆਪਕਾ ਸਾਰਾ ਏਮਸ ਬ੍ਰਾਊਨ ਨੇ ਕਿਹਾ, "ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਘਰ ਗੁਆ ਦਿੱਤੇ ਹਨ।"

ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਉਹ ਵਿਦਿਆਰਥੀਆਂ ਦੇ ਨਾਲ ਸੀ, ਜਦੋਂ ਉਨ੍ਹਾਂ ਨੂੰ ਬੱਸ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ ਅਤੇ ਬਾਹਰ ਜੰਗਲ 'ਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਸਨ। ਘਟਨਾ ਕਮਾਂਡਰ ਡੇਵ ਬੇਲੇਸ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਫਿਰ ਤੋਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, 'ਅਸੀਂ ਇਸ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਸਾਰੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਇਸ ਲਈ ਸਾਡਾ ਅਮਲਾ ਮੌਕੇ 'ਤੇ ਜਾ ਰਿਹਾ ਹੈ ਅਤੇ ਜਿੰਨਾ ਸੰਭਵ ਹੋ ਸਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

cherry

This news is Content Editor cherry