ਅਮਰੀਕਾ ਵੱਲੋਂ ਪੱਛਮੀ ਏਸ਼ੀਆ ''ਚ 1000 ਵਾਧੂ ਫੌਜੀਆਂ ਦੀ ਤਾਇਨਾਤੀ

06/18/2019 10:02:15 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਸੋਮਵਾਰ ਨੂੰ ਕਿਹਾ ਕਿ ਈਰਾਨ ਨਾਲ ਵਧਦੇ ਤਣਾਅ ਨੂੰ ਧਿਆਨ ਵਿਚ ਰੱਖਦਿਆਂ ਉਸ ਨੇ ਪੱਛਮੀ ਏਸ਼ੀਆ ਵਿਚ 1000 ਵਾਧੂ ਫੌਜੀਆਂ ਦੀ ਤਾਇਨਾਤੀ  ਦੀ ਇਜਾਜ਼ਤ ਦੇ ਦਿੱਤੀ। ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ਨਹਾਨ ਨੇ ਇਕ ਬਿਆਨ ਵਿਚ ਕਿਹਾ,''ਫੌਜੀਆਂ ਨੂੰ ਪੱਛਮੀ ਏਸ਼ੀਆ ਵਿਚ ਹਵਾਈ, ਜਲ ਸੈਨਾ ਅਤੇ ਜ਼ਮੀਨੀ ਖਤਰਿਆਂ ਤੋਂ ਨਜਿੱਠਣ ਲਈ ਭੇਜਿਆ ਜਾ ਰਿਹਾ ਹੈ।'' 

ਸ਼ਨਹਾਨ ਨੇ ਕਿਹਾ,''ਹਾਲ ਹੀ ਵਿਚ ਈਰਾਨੀ ਹਮਲਿਆਂ ਨੇ ਈਰਾਨੀ ਬਲਾਂ ਅਤੇ ਉਸ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਸਮੂਹਾਂ ਦੇ ਦੁਸ਼ਮਣੀ ਭਰਪੂਰ ਵਿਵਹਾਰ 'ਤੇ ਪ੍ਰਾਪਤ ਖੁਫੀਆ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਜੋ ਪੂਰੇ ਖੇਤਰ ਵਿਚ ਅਮਰੀਕੀ ਕਰਮੀਆਂ ਅਤੇ ਉਨ੍ਹਾਂ ਦੇ ਹਿੱਤਾਂ ਲਈ ਖਤਰਾ ਹਨ।'' ਅਮਰੀਕਾ ਨੇ ਪਿਛਲੇ ਹਫਤੇ ਈਰਾਨ ਨੂੰ ਓਮਾਨ ਦੀ ਖਾੜੀ ਵਿਚ ਹੋਏ ਦੋ ਟੈਂਕਰ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਸੀ। ਭਾਵੇਂਕਿ ਤੇਹਰਾਨ ਨੇ ਇਸ ਨੂੰ ਨਿਰਾਧਾਰ ਕਰਾਰ ਦਿੰਦੇ ਹੋਏ ਖਾਰਿਜ ਕਰ ਦਿੱਤਾ ਸੀ। 

ਸ਼ਨਹਾਨ ਨੇ ਬਿਆਨ ਵਿਚ ਕਿਹਾ,''ਅਮਰੀਕਾ ਈਰਾਨ ਨਾਲ ਕੋਈ ਟਕਰਾਅ ਨਹੀਂ ਚਾਹੁੰਦਾ। ਤਾਇਨਾਤੀ ਦਾ ਉਦੇਸ਼ ਪੂਰੇ ਖੇਤਰ ਵਿਚ ਕੰਮ ਕਰਨ ਵਾਲੇ ਸਾਡੇ ਮਿਲਟਰੀ ਕਰਮੀਆਂ ਦੀ ਸੁਰੱਖਿਆ ਅਤੇ ਕਲਿਆਣ ਯਕੀਨੀ ਕਰਨਾ ਅਤੇ ਸਾਡੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨਾ ਹੈ।'' ਜ਼ਿਕਰਯੋਗ ਹੈ ਕਿ ਅਮਰੀਕਾ ਦੇ ਈਰਾਨ ਨਾਲ ਬਹੁ ਰਾਸ਼ਟਰੀ ਪਰਮਾਣੂ ਸਮਝੌਤੇ ਤੋਂ ਬਾਹਰ ਹੋਣ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੋਇਆ ਹੈ।

Vandana

This news is Content Editor Vandana