ਸਾਊਦੀ ਅਰਬ ਨੂੰ ਖਸ਼ੋਗੀ ਦੀ ਲਾਸ਼ ਬਾਰੇ ਕੋਈ ਜਾਣਕਾਰੀ ਨਹੀਂ : ਅਧਿਕਾਰੀ

02/11/2019 10:47:43 AM

ਵਾਸ਼ਿੰਗਟਨ (ਭਾਸ਼ਾ)— ਖਸ਼ੋਗੀ ਕਤਲਕਾਂਡ ਮਾਮਲੇ ਵਿਚ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨਾਲ ਜੁੜੇ ਇਕ ਅਧਿਕਾਰੀ ਨੇ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਹੈ। ਬਿਆਨ ਮੁਤਾਬਕ ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਦੂਤਘਰ ਵਿਚ ਮਾਰੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਦੇ ਬਾਰੇ ਵਿਚ ਰਿਆਦ ਨੂੰ ਕੋਈ ਜਾਣਕਾਰੀ ਨਹੀਂ ਹੈ। ਸਾਊਦੀ ਅਰਬ ਦੇ ਅਧਿਕਾਰੀਆਂ ਦੇ ਇਕ ਦਲ ਵੱਲੋਂ ਖਸ਼ੋਗੀ ਦੀ ਹੱਤਿਆ ਦੀ ਪੁਸ਼ਟੀ ਹੋਣ ਦੇ ਬਾਅਦ ਵੀ ਇਹ ਬਿਆਨ ਹੈਰਾਨ ਕਰ ਦੇਣ ਵਾਲਾ ਹੈ। 

ਗੌਰਤਲਬ ਹੈ ਕਿ ਇਕ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ 2 ਅਕਤੂਬਰ 2018 ਨੂੰ ਇਸਤਾਂਬੁਲ ਸਥਿਤ ਸਾਊਦੀ ਅਰਬ ਵਿਚ ਦਾਖਲ ਹੋਣ ਦੇ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਲਾਸ਼ ਹੁਣ ਤੱਕ ਬਰਾਮਦ ਨਹੀਂ ਹੋਈ ਹੈ। ਇਕ ਸਮਾਂ ਸੀ ਜਦੋਂ ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਦੇ ਬਹੁਤ ਕਰੀਬੀ ਰਹੇ ਖਸ਼ੋਗੀ ਹਾਲ ਹੀ ਦੇ ਦਿਨਾਂ ਵਿਚ ਉਨ੍ਹਾਂ ਦੇ ਵੋਕਲ ਆਲੋਚਕ ਬਣ ਗਏ ਸਨ। ਸਾਊਦੀ ਅਰਬ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਅਦੇਲ ਅਲ-ਜ਼ੁਬੇਰ ਨੇ ਕਿਹਾ ਕਿ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਇਜਾਜ਼ਤ ਦੇ ਖਸ਼ੋਗੀ ਦੀ ਹੱਤਿਆ ਕੀਤੀ ਅਤੇ ਇਸ ਸਿਲਸਿਲੇ ਵਿਚ 11 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। 

ਖਸ਼ੋਗੀ ਦੀ ਲਾਸ਼ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਸਾਨੂੰ ਨਹੀਂ ਪਤਾ।'' ਜ਼ੁਬੇਰ ਨੇ ਕਿਹਾ ਕਿ ਇਸ ਮਾਮਲੇ ਵਿਚ ਸਰਕਾਰੀ ਵਕੀਲ ਨੇ ਤੁਰਕੀ ਤੋਂ ਸਬੂਤ ਮੰਗੇ ਸਨ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਇਹ ਪੁੱਛੇ ਜਾਣ 'ਤੇ ਕਿ ਹਿਰਾਸਤ ਵਿਚ ਲਏ ਗਏ ਲੋਕ ਉਸ ਦੀ ਲਾਸ਼ ਬਾਰੇ ਕਿਉਂ ਨਹੀਂ ਦੱਸ ਰਹੇ ਤਾਂ ਜ਼ੁਬੇਰ ਨੇ ਕਿਹਾ,''ਅਸੀਂ ਜਾਂਚ ਕਰ ਰਹੇ ਹਾਂ। ਸਾਨੂੰ ਕਈ ਤਰ੍ਹਾਂ ਦੇ ਸ਼ੱਕ ਹਨ। ਅਸੀਂ ਸ਼ੱਕੀਆਂ ਕੋਲੋ ਪੁੱਛਗਿੱਛ ਕਰ ਰਹੇ ਹਾਂ ਕਿ ਉਨ੍ਹਾਂ ਨੇ ਲਾਸ਼ ਦਾ ਕੀ ਕੀਤਾ ਅਤੇ ਮੈਨੂੰ ਲੱਗਦਾ ਹੈ ਕਿ ਜਾਂਚ ਜਾਰੀ ਹੈ। ਸਾਨੂੰ ਉਮੀਦ ਹੈ ਕਿ ਅਖੀਰ ਵਿਚ ਸੱਚ ਸਾਹਮਣੇ ਆਵੇਗਾ।'' ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਸ਼ੋਗੀ ਮਾਮਲੇ 'ਤੇ ਰਿਪੋਰਟ ਦਾਇਰ ਕਰਨ ਲਈ ਕਾਂਗਰਸ ਵੱਲੋਂ ਦਿੱਤੇ ਆਖਰੀ ਸਮੇਂ ਸੀਮਾ ਨੂੰ ਨਜ਼ਰ ਅੰਦਾਜ਼ ਕਰਨ ਦੇ ਨਾਲ ਹੀ ਉਸੇ ਦਿਨ ਜ਼ੁਬੇਰ ਨੇ ਸ਼ੁੱਕਰਵਾਰ ਨੂੰ ਇਹ ਬਿਆਨ ਦਿੱਤਾ।

Vandana

This news is Content Editor Vandana