ਫਰਜ਼ੀ ਯੂਨੀਵਰਸਿਟੀ ਦੇ ਸਟਿੰਗ ਆਪਰੇਸ਼ਨ ਦਾ ਅਮਰੀਕੀ ਕਾਨੂੰਨੀ ਮਾਹਰਾਂ ਨੇ ਮੰਗਿਆ ਵੇਰਵਾ

02/07/2019 2:21:01 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵੱਲੋਂ ਬੀਤੇ ਦਿਨੀਂ ਕਾਰਵਾਈ ਕਰਦਿਆਂ 130 ਵਿਦੇਸ਼ੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਇੱਥੇ ਰਹਿ ਰਹੇ ਸਨ। ਹੁਣ ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਦੀ ਅਗਵਾਈ ਵਿਚ ਮਸ਼ਹੂਰ ਵਕੀਲਾਂ ਦੇ ਇਕ ਦੋ-ਦਲੀ ਸਮੂਹ ਨੇ ਅਮਰੀਕੀ ਅੰਦਰੂਨੀ ਸੁਰੱਖਿਆ ਵਿਭਾਗ ਵੱਲੋਂ ਚਲਾਏ ਗਏ ਉਸ ਸਟਿੰਗ ਆਪਰੇਸ਼ਨ ਦਾ ਬੁੱਧਵਾਰ ਨੂੰ ਵਿਸਤ੍ਰਿਤ ਵੇਰਵਾ ਮੰਗਿਆ ਜਿਸ ਦੇ ਬਾਅਦ ਭਾਰਤ ਦੇ ਘੱਟੋ-ਘੱਟ 129 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬੀਤੇ ਮਹੀਨੇ ਕਈ ਛਾਪਿਆਂ ਦੇ ਬਾਅਦ ਫੈਡਰਲ ਅਧਿਕਾਰੀਆਂ ਨੇ 130 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਚ 129 ਭਾਰਤੀ ਹਨ। ਇਹ ਵਿਦਿਆਰਥੀ ਮੈਟਰੋ ਡੈਟ੍ਰਾਇਟ ਇਲਾਕੇ ਵਿਚ ਕਥਿਤ ਫਰਜ਼ੀ ਯੂਨੀਵਰਸਿਟੀ ਵਿਚ ਰਜਿਸਟਰਡ ਸਨ। 

ਸੰਸਦ ਮੈਂਬਰਾਂ ਨੇ ਪੱਤਰ ਵਿਚ ਅੰਦਰੂਨੀ ਘਰੇਲੂ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਅਤੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ (ਆਈ.ਸੀ.ਈ.) ਤੋਂ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਹੈ ਕਿ ਹਾਲ ਵਿਚ ਹੀ ਸਟਿੰਗ ਆਪਰੇਸ਼ਨ ਦੇ ਬਾਅਦ ਹਿਰਾਸਤ ਵਿਚ ਲੈ ਕੇ ਮਿਸ਼ੀਗਨ ਵਿਚ ਰੱਖੇ ਗਏ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਉਚਿਤ ਵਿਵਹਾਰ ਕੀਤਾ ਜਾਵੇ, ਵਕੀਲ ਦੀ ਸਹੂਲਤ ਸਮੇਤ ਕਾਨੂੰਨ ਦੇ ਤਹਿਤ ਸਾਰੇ ਅਧਿਕਾਰ ਉਨ੍ਹਾਂ ਨੂੰ ਦਿੱਤੇ ਜਾਣ ਅਤੇ ਯੋਗ ਵਿਦਿਆਰਥੀਆਂ ਨੂੰ ਮੁਚਲਕੇ 'ਤੇ ਰਿਹਾਅ ਕੀਤਾ ਜਾਵੇ। 

ਕ੍ਰਿਸ਼ਨਾਮੂਰਤੀ ਨੇ ਨਾਲ-ਨਾਲ ਕਾਂਗਰਸ ਮੈਂਬਰ ਥਾਮਸ ਸੌਜੀ, ਰੌਬ ਬੂਡਲ ਅਤੇ ਬ੍ਰੈਂਡਾ ਲੌਰੇਂਸ ਨੇ ਚਿੱਠੀ ਵਿਚ ਡੀ.ਐੱਚ.ਐੱਸ. ਨੂੰ ਇਹ ਵੀ ਕਿਹਾ ਹੈ ਕਿ ਉਹ ਭਾਰਤੀ ਵਿਦਿਆਰਥੀਆਂ ਬਾਰੇ ਵਿਚ ਤਾਜ਼ਾ ਜਾਣਕਾਰੀ ਭਾਰਤੀ ਦੂਤਘਰ ਅਤੇ ਕੌਂਸਲੇਟਾਂ ਦੇ ਨਾਲ ਸਾਂਝੀ ਕਰੇ ਅਤੇ ਕੈਦੀਆਂ ਦੀ ਮੁਲਾਕਾਤ ਕੌਂਸਲੇਟ ਨਾਲ  ਕਰਾਉਣ ਦਾ ਵੀ ਪ੍ਰਬੰਧ ਕਰੇ। ਸੰਸਦ ਮੈਂਬਰਾਂ ਨੇ ਅੰਦਰੂਨੀ ਸੁਰੱਖਿਆ ਜਾਂਚ ਜ਼ਰੀਏ ਹਾਲ ਹੀ ਵਿਚ ਚਲਾਏ ਗਏ ਆਪਰੇਸ਼ਨ 'ਤੇ ਚਿੰਤਾ ਜ਼ਾਹਰ ਕੀਤੀ। ਇਸ ਆਪਰੇਸ਼ਨ ਵਿਚ ਐੱਚ.ਐੱਸ.ਈ. ਦੇ ਵਿਸ਼ੇਸ਼ ਏਜੰਟਾਂ ਨੇ ਇਕ ਫਰਜ਼ੀ ਯੂਨੀਵਰਸਿਟੀ 'ਯੂਨੀਵਰਸਿਟੀ ਆਫ ਫਾਰਮਿੰਗਟਨ' ਚਲਾਈ, ਜਿਸ ਦਾ ਉਦੇਸ਼ ਇਮੀਗ੍ਰੇਸ਼ਨ ਸਬੰਧੀ ਧੋਖਾਧੜੀ ਵਿਚ ਸ਼ਾਮਲ ਚੋਣ ਕਰਤਾਵਾਂ ਅਤੇ ਵਿਦੇਸ਼ੀ ਵਿਦਿਆਰਥੀਆਂ ਦਾ ਪਤਾ ਲਗਾਉਣਾ ਸੀ। ਆਈ.ਸੀ.ਈ. ਮੁਤਾਬਕ ਇਹ ਜਾਂਚ 2015 ਵਿਚ ਸ਼ੁਰੂ ਹੋਈ ਅਤੇ ਐੱਚ.ਐੱਸ.ਈ. ਏਜੰਟਾਂ ਨੇ 2017 ਵਿਚ ਫਰਜ਼ੀ ਸਕੂਲ ਸੰਚਾਲਿਤ ਕੀਤਾ। 

ਬੀਤੇ ਹਫਤੇ ਹੋਏ ਖੁਲਾਸੇ ਮੁਤਾਬਕ ਸਕੂਲ ਲਈ 8 ਵਿਅਕਤੀ ਚੋਣ ਕਰਤਾ ਸਨ, ਜਿਨ੍ਹਾਂ ਨੇ ਸੈਂਕੜੇ ਵਿਦੇਸ਼ੀ ਨਾਗਰਿਕਾਂ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਤੌਰ 'ਤੇ ਰਜਿਸਟਰਡ ਕੀਤਾ। ਇਨ੍ਹਾਂ 8 ਵਿਅਕਤੀਆਂ 'ਤੇ ਪੂਰਬੀ ਜ਼ਿਲੇ ਮਿਸ਼ੀਗਨ ਦੇ ਅਮਰੀਕੀ ਅਟਾਰਨੀ ਨੇ ਵੀਜ਼ਾ ਧੋਖਾਧੜੀ ਕਰਨ ਅਤੇ ਲਾਭ ਲਈ ਵਿਦੇਸ਼ੀਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ। ਸੰਸਦ ਮੈਂਬਰਾਂ ਨੇ ਕਿਹਾ,''ਭਾਰਤੀ-ਅਮਰੀਕੀ ਭਾਈਚਾਰਾ ਅਤੇ ਭਾਰਤੀ ਕੌਂਸਲੇਟ ਨੇ ਇਨ੍ਹਾਂ ਕੈਦੀ ਵਿਦੇਸ਼ੀ ਨਾਗਰਿਕਾਂ ਨਾਲ ਕੀਤਾ ਜਾ ਰਰੇ ਵਤੀਰੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।'' ਭਾਰਤ ਨੂੰ ਇਕ ਮਹੱਤਵਪੂਰਣ ਰਣਨੀਤਕ ਹਿੱਸੇਦਾਰ ਅਤੇ ਅਮਰੀਕਾ ਦਾ ਦੋਸਤ ਦੱਸਦਿਆਂ ਚਿੱਠੀ ਵਿਚ ਕਿਹਾ ਗਿਆ ਹੈ ਕਿ 2017 ਵਿਚ ਦੇਸ਼ ਭਰ ਵਿਚ ਮੌਜੂਦ 1,86,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 17.3 ਫੀਸਦੀ ਸੀ।

ਚਿੱਠੀ ਵਿਚ ਅੱਗੇ ਕਿਹਾ ਗਿਆ ਹੈ,''ਇਹ ਵਿਦਿਆਰਥੀ ਦੋਹਾਂ ਦੇਸ਼ਾਂ ਵਿਚਕਾਰ ਜਨਤਕ ਸਬੰਧਾਂ ਦਾ ਖਾਸ ਥੰਮ ਹਨ ਅਤੇ ਇਹ ਲੋਕ ਗੁਣਵੱਤਾ ਦੇ ਆਧਾਰ 'ਤੇ ਅਮਰੀਕਾ ਆਉਂਦੇ ਹਨ। ਦੋਹਾਂ ਦੇਸ਼ਾਂ ਲਈ ਆਰਥਿਕ ਅਤੇ ਸੱਭਿਆਚਾਰਕ ਰੂਪ ਨਾਲ ਲਾਭਕਾਰੀ ਸਿੱਖਿਆ ਦੇ ਲੈਣ-ਦੇਣ ਪ੍ਰੋਗਰਾਮ ਸਬੰਧੀ ਸਹਿਯੋਗ ਨੂੰ ਜਾਰੀ ਰੱਖਣ ਦੀ ਭਾਵਨਾ ਦੇ ਤਹਿਤ ਅਸੀਂ ਇਹ ਯਕੀਨੀ ਕਰਨ ਦੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਨਾਲ ਸਬੰਧਤ ਵਿਦਿਆਰਥੀਆਂ ਨਾਲ ਨਿਯਮਾਂ ਮੁਤਾਬਕ, ਈਮਾਨਦਾਰੀ ਨਾਲ ਮਨੁੱਖੀ ਵਿਵਹਾਰ ਕੀਤਾ ਜਾਵੇ।''

Vandana

This news is Content Editor Vandana