ਅਮਰੀਕਾ ''ਚ ਭਾਰਤੀ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ''ਤੇ ਲੱਗ ਸਕਦੀ ਹੈ ਰੋਕ

01/12/2018 5:32:34 PM

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਜੇਲ 'ਚ ਬੰਦ ਭਾਰਤੀ ਮੂਲ ਦੇ ਅਮਰੀਕੀ ਕੈਦੀ ਦੀ ਸਜ਼ਾ ਦੀ ਤਰੀਕ ਮਿੱਥੀ ਗਈ 23 ਫਰਵਰੀ ਨੂੰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਪੈਨਸਿਲਵੇਨੀਆ ਦੇ ਗਵਰਨਰ ਨੇ ਸਾਲ 2015 ਵਿਚ ਮੌਤ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ। ਰਘੁਨੰਦਨ ਯੰਦਮੁਰੀ (32) ਨੂੰ 61 ਸਾਲਾ ਭਾਰਤੀ ਔਰਤ ਅਤੇ ਉਸ ਦੀ 10 ਮਹੀਨੇ ਦੀ ਪੋਤਰੀ ਨੂੰ ਅਗਵਾ ਕਰਨ ਅਤੇ ਹੱਤਿਆ ਕਰਨ ਦੇ ਜ਼ੁਰਮ ਵਿਚ ਸਾਲ 2014 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਪੈਨਸਿਲਵੇਨੀਆ ਡਿਪਾਰਟਮੈਂਟ ਆਫ ਕਰੈਕਸ਼ਨਸ ਦੇ ਸੰਚਾਰ ਨਿਦੇਸ਼ਕ ਸਯੂ ਮੈਕਨਾਘਟਨ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕਿਹਾ, 'ਸਾਡੇ ਗਵਰਨਰ ਨੇ ਕਿਹਾ ਕਿ, ਕੀ ਅਦਾਲਤ ਨੂੰ ਕੈਦੀ ਦੀ ਸਜ਼ਾ 'ਤੇ ਰੋਕ ਦਾ ਹੁਕਮ ਨਹੀਂ ਦੇਣਾ ਚਾਹੀਦਾ, ਉਹ ਸਜ਼ਾ 'ਤੇ ਰੋਕ ਦਾ ਹੁਕਮ ਜਾਰੀ ਕਰਨਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਜ਼ਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।' ਵਿਭਾਗ ਨੇ ਬੀਤੇ ਹਫਤੇ ਸਜ਼ਾ ਦੇ ਹੁਕਮ 'ਤੇ ਦਸਤਖਤ ਕੀਤੇ ਸਨ ਕਿ ਯੰਦਮੁਰੀ ਨੂੰ 23 ਫਰਵਰੀ ਨੂੰ ਜ਼ਹਿਰੀਲਾ ਇੰਜੈਕਸ਼ਨ ਦੇ ਕੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਮੈਕਨਾਘਟਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, 'ਹਾਂ, ਉਹ ਇਸ ਦੇ ਬਾਰੇ ਵਿਚ ਜਾਣਦਾ ਹੈ। ਇਥੋਂ ਤੱਕ ਕਿ ਅਧਿਕਾਰਤ ਦਸਤਾਵੇਜ਼ ਉਸ ਦੇ ਸਾਹਮਣੇ ਹੀ ਪੜ੍ਹਿਆ ਗਿਆ ਸੀ।' ਆਂਧਰਾ ਪ੍ਰੇਦਸ਼ ਦਾ ਰਹਿਣ ਵਾਲਾ ਯੰਦਮੁਰੀ ਐਚ-1ਬੀ ਵੀਜ਼ਾ 'ਤੇ ਅਮਰੀਕਾ ਆਇਆ ਸੀ। ਉਹ ਇਲੈਕਟ੍ਰੀਕਲ ਅਤੇ ਕੰਪਿਊਟਰ ਸਾਈਂਸ ਇੰਜੀਨੀਅਰਿੰਗ ਵਿਚ ਡਿਗਰੀ ਧਾਰਕ ਹੈ। ਦੱਸਣਯੋਗ ਹੈ ਕਿ ਪੈਨਸਿਲਵੇਨੀਆ ਵਿਚ ਕਰੀਬ 20 ਸਾਲਾਂ ਤੋਂ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਪਹਿਲੀ ਵਾਰ ਕਿਸੇ ਭਾਰਤੀ ਮੂਲ ਦੇ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।