ਅਮਰੀਕਾ ''ਚ ਭਾਰਤੀ ਮੂਲ ਦੇ ਕਾਰੋਬਾਰੀ ਦੀ ਹੱਤਿਆ ਦੇ ਦੋਸ਼ੀ ਨੂੰ ਮਿਲੀ ਮੌਤ ਦੀ ਸਜ਼ਾ

07/18/2018 5:17:16 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਸੂਬੇ ਟੈਕਸਾਸ ਵਿਚ ਸਾਲ 2004 ਵਿਚ ਭਾਰਤੀ ਮੂਲ ਦੇ ਇਕ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ 34 ਸਾਲਾ ਸ਼ਖਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ। ਹਾਲਾਂਕਿ ਮ੍ਰਿਤਕ ਦੇ ਬੇਟੇ ਮਿਤੇਸ਼ ਨੇ ਦੋਸ਼ੀ ਸ਼ਖਸ ਵੱਲੋਂ ਦਾਇਰ ਕੀਤੀ ਦਇਆ ਪਟੀਸ਼ਨ ਦਾ ਸਮਰਥਨ ਕੀਤਾ ਸੀ। ਕ੍ਰਿਸਟੋਫਰ ਯੰਗ ਨਾ ਦਾ ਇਹ ਸ਼ਖਸ ਉਸ ਗੈਂਗ ਦਾ ਮੈਂਬਰ ਸੀ, ਜਿਸ ਨੇ ਟੈਕਸਾਸ ਦੇ ਸੈਂਟ ਐਂਟੋਨਿਓ ਵਿਚ 14 ਸਾਲ ਪਹਿਲਾਂ ਲੁੱਟਮਾਰ ਦੀ ਕੋਸ਼ਿਸ਼ ਕਰਦਿਆਂ ਹੱਸਮੁੱਖ 'ਹੱਸ' ਪਟੇਲ 'ਤੇ ਗੋਲੀ ਚਲਾਈ ਸੀ। 
ਸਥਾਨਕ ਮੀਡੀਆ ਦੀ ਖਬਰ ਮੁਤਾਬਕ ਗੋਲੀ ਲੱਗਣ ਕਾਰਨ ਪਟੇਲ ਦੀ ਮੌਤ ਹੋ ਗਈ ਸੀ। ਯੰਗ ਨੂੰ ਕੱਲ ਸ਼ਾਮ ਮੌਤ ਦੀ ਸਜ਼ਾ ਦੇ ਦਿੱਤੀ ਗਈ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਉਸ ਵੱਲੋਂ ਦਾਇਰ ਕੀਤੀ ਦਇਆ ਪਟੀਸ਼ਨ 'ਟੈਕਸਾਸ ਬੋਰਡ ਆਫ ਪਾਰਡਨ ਐਂਡ ਪੈਰੋਲ' ਨੇ ਰੱਦ ਕਰ ਦਿੱਤੀ ਸੀ। ਟੈਕਸਾਸ ਦੀ ਇਕ ਅੰਗਰੇਜ਼ੀ ਅਖਬਾਰ ਮੁਤਾਬਕ ਬੀਤੇ ਮਹੀਨੇ ਯੰਗ ਦੀ ਰਿਸ਼ਤੇਦਾਰ ਅਤੇ ਵਕੀਲਾਂ ਨੇ ਉਸ ਲਈ ਦਇਆ ਪਟੀਸ਼ਨ ਦੀ ਮੰਗ ਕਰਦਿਆਂ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਪਟੇਲ ਦੇ ਬੇਟੇ ਮਿਤੇਸ਼ (36) ਨੇ ਵੀ ਇਸ ਮੁਹਿੰਮ ਦਾ ਸਮਰਥਨ ਕੀਤਾ ਸੀ। ਮਿਤੇਸ਼ ਨੇ ਪੈਰੋਲ ਬੋਰਡ ਨੂੰ ਅਪੀਲ ਕੀਤੀ ਸੀ ਕਿ ਉਸ ਦੇ ਪਿਤਾ ਦੇ ਕਾਤਲ ਦੀ ਸਜ਼ਾ ਬਦਲ ਦਿੱਤੀ ਜਾਵੇ ਜਾਂ ਅਸਥਾਈ ਰੂਪ ਵਿਚ ਰੋਕ ਦਿੱਤੀ ਜਾਵੇ।