ਅਮਰੀਕਾ ਅਤੇ ਆਸਟਰੇਲੀਆਈ ਅਧਿਕਾਰੀਆਂ ਨੇ ਵਿਦੇਸ਼ੀ ਲੜਾਕਿਆਂ ਦੇ ਵਾਪਸ ਪਰਤਣ ਨੂੰ ਲੈ ਕੇ ਜਤਾਈ ਚਿੰਤਾ

06/05/2017 4:35:26 PM

ਸਿਡਨੀ—ਅਮਰੀਕਾ ਅਤੇ ਆਸਟਰੇਲੀਆ ਦੇ ਅਧਿਕਾਰੀਆਂ ਨੇ ਸੋਮਵਾਰ (5 ਜੂਨ) ਨੂੰ ਚਿਤਾਵਨੀ ਦਿੱਤੀ ਹੈ ਕਿ ਆਈ.ਐੱਸ.ਆਈ.ਐੱਸ ਦੇ ਵਿਦੇਸ਼ੀ ਲੜਾਕੇ ਪੱਛਮ ਏਸ਼ੀਆ ਤੋਂ ਦੱਖਣ ਪੂਰਬ ਏਸ਼ੀਆ 'ਚ ਵਾਪਸ ਜਾ ਸਕਦੇ ਹਨ ਅਤੇ ਆਪਣੇ ਦੇਸ਼ਾਂ 'ਚ ਹਥਿਆਰ ਚੁੱਕ ਸਕਦੇ ਹਨ। ਇਹ ਚੇਤਾਵਨੀ ਇਸ ਹਫ਼ਤੇ ਦੌਰਾਨ ਲੰਡਨ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਤੇ ਫਿਲੀਪੀਨਜ਼ 'ਚ ਵਧਦੇ ਜਿਹਾਦੀ ਖ਼ਤਰੇ ਦਰਮਿਆਨ ਆਈ ਹੈ। ਲੰਡਨ 'ਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਆਸਟਰੇਲੀਆ ਦੀ ਰੱਖਿਆ ਮੰਤਰੀ ਮੈਰਿਸ ਪਾਯਨੇ ਨੇ ਕਿਹਾ ਕਿ ਆਈ.ਐੱਸ ਦੇ ਲੜਾਕੇ ਯੁੱਧ ਭੂਮੀ ਦੇ ਹੁਨਰ ਨਾਲ, ਆਪਣੀ ਕਠੋਰ ਵਿਚਾਰਧਾਰਾ ਨਾਲ, ਆਪਣੇ ਗੁੱਸੇ ਨਾਲ ਅਤੇ ਨਿਰਾਸ਼ਾ ਨਾਲ ਵਾਪਸ ਪਰਤ ਸਕਦੇ ਹਨ ਅਤੇ ਸਾਨੂੰ ਇਸ 'ਤੇ ਬਹੁਤ ਚੌਕੰਨੇ ਰਹਿਣ ਦੀ ਲੋੜ ਹੈ। ਉਹ ਆਸਟਰੇਲੀਆ-ਅਮਰੀਕਾ ਮੰਤਰੀਮੰਡਲ 'ਚ ਬੋਲ ਰਹੀ ਸੀ, ਜਿਸ 'ਚ ਪੈਂਟਾਗਨ ਦੇ ਪ੍ਰਮੁੱਖ ਜਿਮ ਮੈਟਿਸ, ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਅਤੇ ਆਸਟਰੇਲੀਆ ਦੀ ਉਨ੍ਹਾਂ ਦੀ ਹਮ-ਅਹੁਦਾਦਾਰ ਜੂਲੀ ਬਿਸ਼ਪ ਨੇ ਵੀ ਹਿੱਸਾ ਲਿਆ। ਲੰਡਨ ਹਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮੈਟਿਸ ਨੇ ਕਿਹਾ, ''ਅਸੀਂ ਇਕਜੁੱਟ ਹਾਂ... ਅਤੇ ਆਪਣੇ ਉਸ ਦੁਸ਼ਮਣ ਖ਼ਿਲਾਫ ਇਕਜੁੱਟ ਹਾਂ ਜੋ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਉਹ ਸਾਨੂੰ ਡਰਾਉਣਾ ਚਾਹੁੰਦੇ ਹਨ ਪਰ ਅਸੀਂ ਡਰਨ ਵਾਲੇ ਨਹੀਂ ਹਾਂ।''