ਅਮਰੀਕਾ : ਇਮੀਗ੍ਰੇਸ਼ਨ ਧੋਖਾਧੜੀ ਮਾਮਲੇ ''ਚ 8 ''ਚੋਂ 6 ਭਾਰਤੀਆਂ ਨੂੰ ਜੇਲ

11/11/2019 12:08:20 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੇ ਮੁਤਾਬਕ ਇਸ ਸਾਲ ਜਨਵਰੀ ਵਿਚ ਅਮਰੀਕਾ ਵਿਚ ਫਾਰਮਿੰਗਟਨ ਯੂਨੀਵਰਸਿਟੀ ਦੀ ਕਾਰਵਾਈ ਦੇ ਬਾਅਦ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ 8 ਭਾਰਤੀਆਂ ਵਿਚੋਂ 6 ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। ਦੋ ਹੋਰ ਨੂੰ ਜਲਦੀ ਹੀ ਸਜ਼ਾ ਸੁਣਾਈ ਜਾਵੇਗੀ। ਇਹ ਸਾਰੇ ਭਾਰਤੀ ਮੂਲ ਰੂਪ ਨਾਲ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਹਨ। ਇੱਥੇ ਦੱਸ ਦਈਏ ਕਿ ਫਾਰਮਿੰਗਟਨ ਯੂਨੀਵਰਸਿਟੀ ਦੀ ਸਥਾਪਨਾ ਮਿਸ਼ੀਗਨ ਵਿਚ ਆਈ.ਸੀ.ਈ. ਵੱਲੋਂ 2015 ਵਿਚ ਕੀਤੀ ਗਈ ਸੀ। ਇਸ ਦਾ ਉਦੇਸ਼ ਇਮੀਗ੍ਰੇਸ਼ਨ ਧੋਖਾਧੜੀ ਦਾ ਪਰਦਾਫਾਸ਼ ਕਰਨ ਲਈ ਅੰਡਰਕਵਰ ਆਪਰੇਸ਼ਨ ਦਾ ਹਿੱਸਾ ਬਣਨਾ ਸੀ।  

ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿਣ ਲਈ ਭਰਤੀ ਕਰਨ ਵਾਲਿਆਂ ਦੇ ਜ਼ਰੀਏ ਯੂਨੀਵਰਸਿਟੀ ਵਿਚ ਦਾਖਲਾ ਲਿਆ ਸੀ। ਭਾਵੇਂਕਿ ਫ੍ਰੀਮੋਂਟ ਦਾ ਰਹਿਣ ਵਾਲੇ ਸੰਤੋਸ਼ ਸਾਮਾ ਨੂੰ 24 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ, ਲੇਕ ਮੈਰੀ ਦੇ ਬੈਰਾਥ ਕਾਕੀਰੈਡੀ ਅਤੇ ਕੁਲਪੇਪਰ ਦੇ ਸੁਰੇਸ਼ ਕਾਂਡਲਾ ਦੋਹਾਂ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਹੈਰਿਸਬਰਗ ਦੇ ਅਵਿਨਾਸ਼ ਠੱਕਲਾਪੱਲੀ ਨੂੰ 15 ਮਹੀਨੇ ਦੀ ਸਜ਼ਾ ਅਤੇ ਅਟਲਾਂਟਾ ਦੇ ਅਸਵਾਨਥ ਨੁਨੇ ਤੇ ਡਲਾਸ ਦੇ ਨਵੀਨ ਪ੍ਰਥੀਪਤੀ ਦੋਹਾਂ ਨੂੰ 12 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 

ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਆਈ.ਸੀ.ਈ. ਦੇ ਪੂਰਬੀ ਉੱਤਰੀ ਸੰਚਾਰ ਨਿਦੇਸ਼ਕ/ ਬੁਲਾਰੇ ਖਲੀਲ ਵਾਲਜ਼ ਨੇ ਲਿਖਿਆ,''ਬਚਾਅ ਪੱਖ ਦੇ ਸਾਰੇ 8 ਨੌਜਵਾਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।'' ਵਾਲਜ਼ ਮੁਤਾਬਕ,''7ਵੇਂ ਦੋਸ਼ੀ ਸ਼ਾਰਲੋਟ ਦੇ ਪ੍ਰੇਮ ਰਾਮਪੀਸਾ ਨੂੰ ਇਸ ਸਾਲ 19 ਨਵੰਬਰ  ਅਤੇ ਆਖਰੀ ਦੋਸ਼ੀ ਲੁਇਸਵਿਲੇ ਦੇ ਫਨੀਦੀਪ ਕਰਨਤੀ ਨੂੰ ਜਨਵਰੀ 2020 ਵਿਚ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਸਾਰਿਆਂ ਨੂੰ ਜੇਲ ਦੀ ਸਜ਼ਾ ਖਤਮ ਹੁੰਦੇ ਹੀ ਭਾਰਤ ਭੇਜ ਦਿੱਤਾ ਜਾਵੇਗਾ।'' ਇੱਥੇ ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ਵਿਚ ਫਾਰਮਿੰਗਟਨ ਯੂਨੀਵਰਸਿਟੀ ਦੇ ਤਕਰੀਬਨ 145 ਭਾਰਤੀ ਵਿਦਿਆਰਥੀਆਂ ਨੂੰ ਗੈਰ ਪ੍ਰਵਾਸੀ ਰੁਤਬਾ ਕਾਇਮ ਰੱਖਣ ਵਿਚ ਅਸਫਲ ਰਹਿਣ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਇਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ।

Vandana

This news is Content Editor Vandana