ਅਮਰੀਕਾ ਤਾਇਵਾਨ ਨੂੰ ਵੇਚੇਗਾ 66 ''ਐੱਫ-16'' ਲੜਾਕੂ ਜਹਾਜ਼

08/21/2019 8:54:53 AM

ਵਾਸ਼ਿੰਗਟਨ— ਅਮਰੀਕਾ ਨੇ ਫੌਜੀ ਯੰਤਰਾਂ ਦੀ ਵਿਕਰੀ ਤਹਿਤ ਤਾਇਵਾਨ ਨੂੰ ਅੱਠ ਅਰਬ ਡਾਲਰ ਦੀ ਕੀਮਤ ਦੇ 66 ਐੱਫ-16 ਜਹਾਜ਼ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਅਮਰੀਕਾ ਦੀ ਰੱਖਿਆ ਸਹਿਯੋਗ ਏਜੰਸੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਮੰਤਰਾਲੇ ਨੇ ਤਾਇਪੇ ਦੇ ਆਰਥਿਕ ਅਤੇ ਸੱਭਿਆਚਾਰਕ ਪ੍ਰਤੀਨਿਧੀ ਦਫਤਰ ਨੂੰ ਫੌਜੀ ਯੰਤਰ ਵੇਚਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਲਿਆ ਹੈ, ਜਿਸ ਤਹਿਤ ਉਸ ਨੂੰ ਐੱਫ-16 ਲੜਾਕੂ ਜਹਾਜ਼ ਵੇਚੇ ਜਾਣਗੇ। ਰੱਖਿਆ ਸਹਿਯੋਗ ਏਜੰਸੀ ਨੇ ਇਸ ਸਬੰਧ 'ਚ ਕਾਂਗਰਸ ਨੂੰ ਵੀ ਸੂਚਿਤ ਕਰ ਦਿੱਤਾ ਹੈ।

ਸੂਤਰਾਂ ਮੁਤਾਬਕ ਚੀਨ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹੈ। ਅਸਲ 'ਚ ਚੀਨ ਤਾਇਵਾਨ 'ਤੇ ਆਪਣਾ ਦਾਅਵਾ ਕਰਦਾ ਰਿਹਾ ਹੈ ਅਤੇ ਉਸ ਨੂੰ ਆਪਣੇ ਦੇਸ਼ ਦਾ ਹਿੱਸਾ ਮੰਨਦਾ ਹੈ। ਇਸ ਦੇ ਚਲਦਿਆਂ ਚੀਨ ਅਤੇ ਤਾਇਵਾਨ ਵਿਚਕਾਰ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਸਾਲ 2011 'ਚ ਵੀ ਤਾਇਵਾਨ ਨੇ ਜਹਾਜ਼ ਖਰੀਦਣ ਦੀ ਮੰਗ ਕੀਤੀ ਸੀ ਪਰ ਤਤਕਾਲੀਨ ਓਬਾਮਾ ਸਰਕਾਰ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ ਕਿਉਂਕਿ ਉਹ ਚੀਨ ਨਾਲ ਰਿਸ਼ਤੇ ਵਿਗਾੜਨਾ ਨਹੀਂ ਚਾਹੁੰਦੇ ਸਨ।