ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ’ਤੇ ਫਰਿਜ਼ਨੋ ਏਰੀਏ ਦੇ ਸਮੂਹ ਪੰਜਾਬੀਆਂ ਵੱਲੋਂ ਬੇਮਿਸਾਲ ਹੁੰਗਾਰਾ

09/20/2022 12:51:39 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਸਥਾਨਕ ਇੰਡੀਆ ਕਬਾਬ ਰੈਸਟੋਰੈਂਟ ’ਚ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀ.ਸੀ.ਏ.) ਦੇ ਉੱਦਮ ਸਦਕਾ ਇਕ ਵਿਸ਼ੇਸ਼ ਫੰਡ ਰੇਜਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਪੰਜਾਬੀਆਂ ਨੇ ਪਹੁੰਚ ਕੇ ਆਪਣਾ ਦਸਵੰਧ ਕੱਢਿਆ ਅਤੇ ਹਜ਼ਾਰਾਂ ਡਾਲਰ ਇਕੱਤਰ ਕਰਕੇ ਸਹਾਇਤਾ ਸੰਸਥਾ ਦੀ ਝੋਲੀ ਪਾਏ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਹਾਇਤਾ ਸੰਸਥਾ 2005 ’ਚ ਹੋਂਦ ’ਚ ਆਈ ਸੀ ਅਤੇ ਉਦੋਂ ਤੋਂ ਹੀ ਦੇਸ਼ਾਂ-ਵਿਦੇਸ਼ਾਂ ’ਚ ਲੰੜਵੰਦ ਲੋਕਾਂ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ ਲਈ ਉਪਰਾਲੇ ਕਰ ਰਹੀ ਹੈ।

ਇਸ ਸਮਾਗਮ ਦੀ ਸ਼ੁਰੂਆਤ ਅੰਮ੍ਰਿਤ ਧਾਲੀਵਾਲ ਨੇ ਸਭ ਨੂੰ ਨਿੱਘੀ ਜੀ ਆਇਆਂ ਆਖ ਕੇ ਕੀਤੀ ਅਤੇ ਉਨ੍ਹਾਂ ਨੇ ਸਹਾਇਤਾ ਸੰਸਥਾ ਦੇ ਕੰਮਾਂ ਨੂੰ ਸਲਾਹਿਆ ਅਤੇ ਸੰਸਥਾ ਦੀ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧਤਾ ਪ੍ਰਗਟਾਈ। ਡਾ. ਹਰਕੇਸ਼ ਸੰਧੂ ਨੇ ਸੰਸਥਾ ਦੇ ਇਤਿਹਾਸ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਦਲਜੀਤ ਸਿੰਘ ਖਹਿਰਾ ਦੀ ਜ਼ੁਬਾਨੀਂ ਅਨਾਥ ਬੱਚੇ ਬੱਚੀਆਂ ਦੀਆਂ ਦਰਦਨਾਕ ਕਹਾਣੀਆਂ ਸੁਣ ਕੇ ਹਰ ਅੱਖ ਨਮ ਹੋ ਗਈ। ਸਰੂਪ ਸਿੰਘ ਝੱਜ, ਜਗਦੀਪ ਸਿੰਘ ਸਹੋਤਾ ਆਦਿ ਵੀਡੀਓ ਚਲਾ ਕੇ ਸਹਾਇਤਾ ਦੇ ਕੰਮਾਂ ’ਤੇ ਪੰਛੀ ਝਾਤ ਪਵਾਈ। ਡਾਕਟਰ ਹਰਕੇਸ਼ ਸੰਧੂ ਨੇ ਦੱਸਿਆ ਕਿ ਸਹਾਇਤਾ ਸੰਸਥਾ ਜਿਹੜੀ ਕਿ 2005 ਤੋਂ ਮਨੁੱਖਤਾ ਦੀ ਸੇਵਾ ਲਈ ਨਿਰਸਵਾਰਥ ਕਾਰਜ ਕਰਦੀ ਆ ਰਹੀ ਹੈ। ਇਹ ਸੰਸਥਾ ਦਾਨੀ ਸੱਜਣਾਂ ਦੇ ਸਾਥ ਨਾਲ ਦੀਨ-ਦੁਖੀ ਦੀ ਮੱਦਦ ਕਰਦੀ ਆ ਰਹੀ ਹੈ।

ਇਸ ਸ਼ੁੱਭ-ਕਾਰਜ ਲਈ ਪੰਜਾਬੀ ਕਲਚਰਲ ਐਸੋਸੀਏਸ਼ਨ ਫਰਿਜ਼ਨੋ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਜਿੱਥੇ ਸਹਾਇਤਾ ਸੰਸਥਾ ਨੇ ਆਪਣੇ ਕੰਮਾਂ ਤੋਂ ਦਾਨੀ ਸੱਜਣਾਂ ਨੂੰ ਜਾਣੂ ਕਰਵਾਇਆ, ਉਥੇ ਹੀ ਗਾਇਕ ਬੱਬੂ ਗੁਰਪਾਲ, ਜੋਤ ਰਣਜੀਤ ਕੌਰ, ਮਿੱਕੀ ਸਰਾਂ, ਪੱਪੀ ਭਦੌੜ ਆਦਿ ਨੇ ਆਪਣੇ ਨਵੇਂ-ਪੁਰਾਣੇ ਗੀਤਾ ਨਾਲ ਖ਼ੂਬ ਰੌਣਕ ਲਾਈ। ਸਾਰੇ ਗਾਇਕਾਂ ਦਾ ਢੋਲਕ ’ਤੇ ਸਾਥ ਉੱਘੇ ਕਾਰੋਬਾਰੀ ਅੰਮ੍ਰਿਤ ਧਾਲੀਵਾਲ ਨੇ ਦਿੱਤਾ।

ਇਸ ਮੌਕੇ ਗੀਤਕਾਰ ਅਤੇ ਗਾਇਕ ਪੱਪੀ ਭਦੌੜ ਦੇ ਨਵੇਂ ਗੀਤ ‘ਪੰਜ-ਆਬ’ ਦਾ ਪੋਸਟਰ ਵੀ ਪਤਵੰਤੇ ਸੱਜਣਾਂ ਨੇ ਰਿਲੀਜ਼ ਕੀਤਾ। ਇਹ ਗੀਤ PCA ਨੇ ਸਪਾਂਸਰ ਕੀਤਾ ਹੈ। ਗੀਤ ਦੀ ਵੀਡੀਓ ਹਰਜੋਤ ਗਿੱਲ ਅਤੇ ਅੰਮ੍ਰਿਤਬੀਰ ਸਿੰਘ ਨੇ ਬਾਖੂਬੀ ਬਣਾਈ ਹੈ। ਇਸ ਗੀਤ ਨੂੰ ਅਨੰਦ ਮਿਊਜ਼ਿਕ ਕੰਪਨੀ ਵੱਲੋ ਬਹੁਤ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ। ਪੀ.ਸੀ.ਏ. ਨੇ ਪੱਪੀ ਭਦੌੜ ਦੀ ਹਰ ਸੰਭਵ ਮੱਦਦ ਲਈ ਭਰੋਸਾ ਦਿੱਤਾ। ਅਖੀਰ ਇੰਡੀਆ ਕਬਾਬ ਰੈਸਟੋਰੈਂਟ ਦੇ ਸਵਾਦੀ ਖਾਣੇ ਨਾਲ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।


 

Manoj

This news is Content Editor Manoj