ਅਮਰੀਕਾ 'ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਵਿਸ਼ਵ ਕਬੱਡੀ ਕੱਪ' ਆਯੋਜਿਤ

09/19/2019 3:36:37 PM

ਯੂਨੀਅਨ ਸਿਟੀ (ਰਾਜ ਗੋਗਨਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਦਾ 15ਵਾਂ ਵਿਸ਼ਵ ਕਬੱਡੀ ਕੱਪ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਇਤਿਹਾਸ ਵਿਚ ਇਕ ਨਵੀਂ ਤੇ ਵਿਲੱਖਣ ਪੈੜ ਸਿੱਧ ਹੋਇਆ। ਸ਼ਾਇਦ ਇਹ ਪਹਿਲੀ ਵਾਰ ਸੀ ਕਿ ਸ਼ਰਧਾ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਵਿਸ਼ਵ ਕਬੱਡੀ ਕੱਪ ਨੇ ਨਾਨਕ ਨਾਮ ਲੇਵਾ ਸਮੁੱਚੀ ਸੰਗਤ ਨੂੰ ਇਹ ਵਿਸ਼ਵਾਸ ਤੇ ਯਕੀਨ ਦਿਆਇਆ ਕਿ ਸੱਚੀ-ਮੁੱਚੀ ਹੀ ਚੜ੍ਹਦੀ ਕਲਾ ਦੇ ਅਰਥ ਨਾਨਕ ਨਾਮ ਨਾਲ ਹੀ ਹੁੰਦੇ ਨੇ। ਯੂਨੀਅਨ ਸਿਟੀ ਦੇ ਲੋਗਨ ਹਾਈ ਸਕੂਲ 'ਚ 15000 ਦਰਸ਼ਕ ਕਬੱਡੀ ਟੂਰਨਾਮੈਂਟ ਦੇਖਣ ਪੁੱਜੇ ਅਤੇ ਜਿਥੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।,ਯੂਨਾਈਟਿਡ ਸਪੋਰਟਸ ਕਲੱਬ ਦੇ ਮੁੱਖ ਸਰਪ੍ਰਸਤ, ਵਿਸ਼ਵ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ 'ਮੇਰਾ ਮੁਝ ਮਹਿ ਕਿਛੁ ਨਹੀਂ' ਦੀ ਧਾਰਨਾ ਨਾਲ ਇਸ ਕਬੱਡੀ ਕੱਪ ਨੂੰ ਪੰਜਾਬੀਆਂ ਨੇ ਸਿੱਖ ਕੌਮ ਅਤੇ ਕਬੱਡੀ ਪ੍ਰੇਮੀਆਂ ਦੇ ਨਾਮ ਕੀਤਾ।

ਕਲੱਬ ਦੇ ਚੇਅਰਮੈਨ ਮੱਖਣ ਸਿੰਘ ਬੈਂਸ ਨੇ ਕਬੱਡੀ ਕੱਪ ਨੂੰ ਕਾਮਯਾਬੀ ਨਾਲ ਕਰਵਾਉਣ ਲਈ ਦਿਨ-ਰਾਤ ਇਕ ਹੀ ਨਹੀਂ ਕੀਤਾ। ਇਸ ਕਬੱਡੀ ਕੱਪ ਵਿਚ ਸਾਰਾ ਦਿਨ ਫਸਵੇਂ ਮੁਕਾਬਲੇ, ਚੋਟੀ ਦੇ ਖਿਡਾਰੀਆਂ ਦੇ ਜੋਸ਼ ਭਰੇ ਜਲਵੇ ਤੇ ਉਂਗਲੀਆਂ ਖੜ੍ਹੀਆਂ ਹੁੰਦੀਆਂ, ਪੱਟਾਂ 'ਤੇ ਹੱਥ ਵੱਜਦੇ, ਦਰਸ਼ਕਾਂ ਦੀਆਂ ਤਾੜੀਆਂ ਦਾ ਮਾਹੌਲ ਹੀ ਨਹੀਂ ਸਿਰਜਿਆ, ਸਗੋਂ ਕਬੱਡੀ ਪ੍ਰੇਮੀਆਂ ਤੇ ਸੰਗਤ ਦੇ ਬੜੇ ਗਿਲੇ-ਸ਼ਿਕਵਿਆਂ ਨੂੰ ਵੀ ਦੂਰ ਕਰ ਦਿੱਤਾ।ਉਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ 'ਚ ਪ੍ਰਧਾਨ ਜੁਗਰਾਜ ਸਿੰਘ ਸਹੋਤਾ, ਵਿੱਤ ਸਕੱਤਰ ਨਰਿੰਦਰ ਸਿੰਘ ਸਹੋਤਾ, ਸਲਾਹਕਾਰ ਪਲਵਿੰਦਰ ਸਿੰਘ ਗਾਖਲ, ਨੱਥਾ ਸਿੰਘ ਗਾਖਲ ਅਤੇ ਸਾਧੂ ਸਿੰਘ ਖਲੌਰ ਦੀ ਟੀਮ ਨੇ ਹਾਜ਼ਰ ਹੋਣ ਵਾਲੀਆਂ ਅਹਿਮ ਸ਼ਖਸੀਅਤਾਂ ਨੂੰ ਜੀ ਆਇਆਂ ਹੀ ਆਖਿਆ। ਜਿੱਥੇ ਇਸ ਕਬੱਡੀ ਕੱਪ ਦੇ ਪਹਿਲੇ ਇਨਾਮ ਦੇ ਸਪਾਂਸਰ ਓਸ਼ੀਅਨ ਟਰਾਂਸਪੋਰਟ ਦੇ ਜਗਜੀਤ ਸਿੰਘ ਰੱਕੜ, ਵਾਈਟ ਹਾਕ ਦੇ ਕੁਲਜੀਤ ਸਿੰਘ ਨਿੱਝਰ, ਦੂਜੇ ਇਨਾਮ ਦੇ ਸਪਾਂਸਰ ਸੋਹਤਾ ਭਰਾ ਜੁਗਰਾਜ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ, ਤੀਜੇ ਇਨਾਮ ਦੇ ਸਹਿਯੋਗੀ ਜਸਵਿੰਦਰ ਬੋਪਾਰਾਏ, ਦਲਵੀਰ ਬੋਪਾਰਾਏ, ਮਾਈਕ ਬੋਪਾਰਾਏ, ਗੁਰਦੇਵ ਸਿੰਘ ਬੋਪਾਰਾਏ ਹਾਜ਼ਰ ਰਹੇ। ਆਲ ਓਪਨ ਦਾ ਇਨਾਮ 'ਆਪਣਾ ਪੰਜਾਬ ਕਲੱਬ' ਵਲੋਂ ਕਸ਼ਮੀਰ ਸਿੰਘ ਧੁੱਗਾ ਦੀ ਅਗਵਾਈ 'ਚ ਤੱਖਰ ਪਰਿਵਾਰ ਵਲੋਂ ਸਪਾਂਸਰ ਕੀਤਾ ਗਿਆ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਵਿਸ਼ਵ ਕਬੱਡੀ ਕੱਪ ਦੌਰਾਨ ਸਾਹਿਤ, ਧਰਮ, ਰਾਜਨੀਤੀ, ਖੇਡਾਂ ਤੇ ਸਮਾਜਿਕ ਖੇਤਰ ਦੀਆਂ ਪੰਜ ਅਹਿਮ ਸ਼ਖਸੀਅਤਾਂ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤੇ ਗਏ। ਇਨ੍ਹਾਂ ਵਿਚ ਸਹਾਇਤਾ ਸੰਸਥਾ ਦੇ ਡਾ. ਹਰਕੇਸ਼ ਸੰਧੂ, ਉਲੰਪੀਅਨ ਮਹਿੰਦਰ ਸਿੰਘ ਗਿੱਲ, ਯੂਨੀਅਨ ਸਿਟੀ ਦੇ ਡਿਪਟੀ ਮੇਅਰ ਗੈਰੀ ਸਿੰਘ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਅਤੇ ਤਰਲੋਚਨ ਸਿੰਘ ਦੁਪਾਲਪੁਰ ਸ਼ਾਮਿਲ ਸਨ। ਗਾਖਲ ਭਰਾਵਾਂ ਵਲੋਂ ਆਪਣੇ ਪਿਤਾ ਸ. ਨਸੀਬ ਸਿੰਘ ਦੀ ਯਾਦ ਵਿਚ ਮੇਲੇ ਦੇ ਮੀਡੀਆ ਇੰਚਾਰਜ ਅਤੇ ਜਨਰਲ ਸਕੱਤਰ ਐੱਸ.ਅਸ਼ੋਕ ਭੌਰਾ, ਸਾਬਕਾ ਖਿਡਾਰੀ ਨੇਕੀ ਸਿੱਧਵਾਂ, ਖਿਡਾਰੀ ਸੰਦੀਪ ਨੰਗਲ ਅੰਬੀਆਂ, ਪਾਲਾ ਜਲਾਲਪੁਰ, ਖੁਸ਼ੀ ਦੁੱਗਾਂ ਅਤੇ ਸੁਲਤਾਨਪੁਰ ਸ਼ਮਸਪੁਰ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। 

ਸਵੇਰੇ ਤਕਰੀਬਨ 10 ਵਜੇ ਸ਼ਰਧਾਪੂਰਵਕ ਸਰਬੱਤ ਦੇ ਭਲੇ ਲਈ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਹੈੱਡ ਗ੍ਰੰਥੀ ਵਲੋਂ ਅਰਦਾਸ ਕਰਨ ਉਪਰੰਤ ਬੀਬੀ ਭੁਪਿੰਦਰ ਕੌਰ ਦੇ ਢਾਡੀ ਜਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਤਕਰੀਬਨ ਅੰਧਾ ਘੰਟਾ ਢਾਡੀ ਵਾਰਾਂ ਪੇਸ਼ ਕੀਤੀਆਂ। ਸੰਗਤ ਵਿਚ ਪ੍ਰਸ਼ਾਦਿ ਵਰਤਾਇਆ ਗਿਆ ਅਤੇ ਉਦਘਾਟਨੀ ਮੈਚ ਸੈਲਮਾ ਸਪੋਰਟਸ ਕਲੱਬ ਅਤੇ ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਕਲੱਬ ਦੀਆਂ ਅੰਡਰ-21 ਟੀਮਾਂ ਵਿਚ ਕਰਵਾਇਆ ਗਿਆ। ਮੈਚ ਦੇ ਅੱਧ ਵਿਚਕਾਰ ਸ. ਮੇਜਰ ਸਿੰਘ ਬੈਂਸ ਨੇ ਰੀਬਨ ਕੱਟ ਕੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ ਅਤੇ ਇਸ ਮੌਕੇ ਉਨ੍ਹਾਂ ਦੇ ਨਾਲ ਸੈਨੇਟਰ ਦੀ ਚੋਣ ਲੜ ਰਹੇ ਮੈਨੀ ਗਰੇਵਾਲ, ਉਲੰਪੀਅਨ ਸੁਰਿੰਦਰ ਸੋਢੀ, ਕੈਨੇਡਾ ਤੋਂ ਪੁੱਜੇ ਸੇਵਾ ਸਿੰਘ ਰੰਧਾਵਾ, ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਅਤੇ ਮੱਖਣ ਸਿੰਘ ਬੈਂਸ ਵਲੋਂ ਵੀ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਗਈ। ਅੰਡਰ-21 ਵਿਚ ਪਹਿਲਾ ਇਨਾਮ ਸ਼ਹੀਦ ਭਗਤ ਸਿੰਘ ਤੇ ਊਧਮ ਸਿੰਘ ਕਲੱਬ ਦੇ ਹਿੱਸੇ ਆਇਆ ਤੇ ਸੈਲਮਾ ਸਪੋਰਟਸ ਕਲੱਬ ਦੂਜੇ ਨੰਬਰ 'ਤੇ ਰਿਹਾ। ਆਲ ਓਪਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਬਾਬਾ ਦੀਪ ਸਿੰਘ ਯੰਗ ਸਪੋਰਟਸ ਕਲੱਬ ਅਤੇ ਦੂਜਾ ਸਥਾਨ ਯੂਨਾਈਟਿਡ ਸਪੋਰਟਸ ਕਲੱਬ ਨੂੰ ਮਿਲਿਆ। ਵੱਡੀਆਂ ਕਲੱਬਾਂ ਬੇਏਰੀਆ ਸਪੋਰਟਸ ਕਲੱਬ, ਯੰਗ ਸਪੋਰਟਸ ਕਬੱਡੀ ਕਲੱਬ, ਮੈਟਰੋ ਸਪੋਰਟਸ ਕਲੱਬ ਨਿਊਯਾਰਕ ਤੇ ਨਾਰਥ ਅਮਰਿਕਾ ਕਲੱਬ ਦੀਆਂ ਟੀਮਾਂ ਦਰਮਿਆਨ ਹੋਏ ਹਰ ਮੁਕਾਬਲੇ 'ਚ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ।

ਜਦ ਫਾਈਨਲ ਮੈਚ ਬੇਏਰੀਆ ਸਪੋਰਟਸ ਅਤੇ ਮੈਟਰੋ ਸਪੋਰਟਸ ਕਲੱਬ ਦਰਮਿਆਨ ਹੋਇਆ, ਤਦ ਇਹ ਟੂਰਨਾਮੈਂਟ ਦੀ ਸਿਖਰ ਸੀ। ਬੇਏਰੀਆ ਸਪੋਰਟਸ ਕਲੱਬ ਨੇ 45-51 ਅੰਕਾਂ ਨਾਲ ਬਲਜੀਤ ਸੰਧੂ ਦੀ ਅਗਵਾਈ 'ਚ ਜਿੱਤ ਹਾਸਲ ਕੀਤੀ ਅਤੇ ਚੌਥੀ ਵਾਰ ਯੂਨਾਈਟਿਡ ਸਪੋਰਟਸ ਕਲੱਬ ਦਾ ਕੱਪ ਵੀ ਜਿੱਤ ਲਿਆ। ਫਰੀਮਾਂਟ ਦੀ ਮੇਅਰ ਲਿਲੀ ਮੀਅ, ਡਿਪਟੀ ਮੇਅਰ ਰਾਜ ਸਲਵਾਨ, ਫਰੀਮਾਂਟ ਦੀ ਕੌਂਸਲਵੂਮੈਨ ਟੈਰੇਸਾ ਕੈਂਗ, ਯੂਨੀਅਨ ਸਿਟੀ ਦੇ ਡਿਪਟੀ ਮੇਅਰ ਗੈਰੀ ਸਿੰਘ, ਸਿਟੀ ਮੈਨੇਜਰ ਯੁਆਂਗ ਮੈਲੋਏ, ਕੌਂਸਲਮੈਨ ਕੈਟ ਦਕਾਉਸ, ਯੂਨੀਅਨ ਸਕੂਲ ਬੋਰਡ ਦੀ ਪ੍ਰਧਾਨ ਸ਼ੈਰਨ ਕੌਰ, ਸਰਬਜੀਤ ਚੀਮਾ ਅਤੇ ਯੂਨੀਅਨ ਸਿਟੀ ਦੇ ਪੁਲਸ ਚੀਫ ਜੈਰਡ ਰੂਨਾਂਤੀ ਸਾਰਾ ਦਿਨ ਪੰਜਾਬੀਆਂ ਦੀ ਕਬੱਡੀ ਦੇਖਦੇ ਰਹੇ ਤੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਪੰਜਾਬੀਆਂ ਦੀ ਪਹਿਚਾਣ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਸੰਚਾਲਨ ਆਸ਼ਾ ਸ਼ਰਮਾ ਤੇ ਐੱਸ.ਅਸ਼ੋਕ ਭੌਰਾ ਕੋਲ ਰਿਹਾ। ਸ਼ਾਇਦ ਇਹ ਵੀ ਇਕ ਇਤਿਹਾਸ ਸੀ ਕਿ ਮੱਖਣ ਅਲੀ, ਕਾਲਾ ਰਛੀਨ ਤੇ ਪਿਰਤਾ ਚੀਮਾ ਨੇ ਏਸ਼ੀਅਨ ਅਤੇ ਉਲੰਪਿਕ ਖੇਡਾਂ ਵਰਗੀ ਕੁਮੈਂਟਰੀ ਕੀਤੀ। ਰੇਡ ਤੇ ਇਕ ਸਟਾਪਰ ਤੇ ਦੂਜਾ ਅਤੇ ਕ੍ਰਿਸ਼ਮਿਆ ਨੂੰ ਸਾਹਿਤਕ ਤੇ ਸੰਗੀਤਕ ਸ਼ੈਲੀ 'ਚ ਪੇਸ਼ ਕਰਕੇ ਕਬੱਡੀ ਕੱਪ ਨੂੰ ਨਵਾਂ ਰੰਗ ਦਿੱਤਾ। ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਹ ਵਿਸ਼ਵਾਸ ਰੱਖਦੇ ਨੇ ਕਿ ਗਲਾਸ ਭਰਿਆ ਹੀ ਦਿੱਸਣਾ ਚਾਹੀਦਾ ਹੈ ਊਣਾ ਨਹੀਂ।

Vandana

This news is Content Editor Vandana