ਪੱਛਮੀ ਏਸ਼ੀਆਈ ਸਮੁੰਦਰੀ ਮਾਰਗਾਂ ਦੀ ਨਿਗਰਾਨੀ ਵਧਾਏਗਾ ਅਮਰੀਕਾ

07/20/2019 11:52:56 AM

ਵਾਸ਼ਿੰਗਟਨ— ਅਮਰੀਕਾ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਅਮਰੀਕੀ ਸੈਂਟਰਲ ਕਮਾਨ ਪੱਛਮੀ ਏਸ਼ੀਆ 'ਚ ਅਹਿਮ ਸਮੁੰਦਰੀ ਮਾਰਗਾਂ ਦੀ ਨਿਗਰਾਨੀ ਅਤੇ ਸੁਰੱਖਿਆ ਵਧਾਉਣ ਲਈ ਕਈ ਦੇਸ਼ਾਂ ਨਾਲ ਮਿਲ ਕੇ ਕੋਸ਼ਿਸ਼ ਕਰ ਰਿਹਾ ਹੈ। 'ਆਪ੍ਰੇਸ਼ਨ ਸੈਂਟੀਨਲ' ਨਾਮਕ ਇਹ ਕੋਸ਼ਿਸ਼ ਅਜਿਹੇ ਸਮੇਂ ਸਾਹਮਣੇ ਆਈ ਹੈ ਜਦ ਇਕ ਦਿਨ ਪਹਿਲਾਂ ਹੀ ਅਮਰੀਕਾ ਨੇ ਕਿਹਾ ਸੀ ਕਿ ਉਸ ਨੇ ਹੋਰਮਜ 'ਚ ਬਿਲਕੁਲ ਨੇੜਿਓਂ ਇਕ ਈਰਾਨੀ ਡਰੋਨ ਨੂੰ ਢੇਰ ਕੀਤਾ ਹੈ।

ਹਾਲਾਂਕਿ ਈਰਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਦੇ ਕਿਸੇ ਡਰੋਨ ਨੂੰ ਢੇਰ ਕੀਤਾ ਗਿਆ ਹੈ। ਅਮਰੀਕੀ ਸੈਂਟਰਲ ਕਮਾਨ ਨੇ ਇਕ ਬਿਆਨ 'ਚ ਕਿਹਾ ਕਿ ਅਰਬ ਦੇ ਖਾੜੀ ਖੇਤਰ 'ਚ ਹਾਲ ਦੀਆਂ ਘਟਨਾਵਾਂ ਸਾਹਮਣੇ ਆਉਣ ਮਗਰੋਂ ਪੱਛਮੀ ਏਸ਼ੀਆ 'ਚ ਅਹਿਮ ਸਮੁੰਦਰੀ ਰਸਤਿਆਂ ਦੀ ਨਿਗਰਾਨੀ ਅਤੇ ਸੁਰੱਖਿਆ ਵਧਾਉਣ ਲਈ ਕੌਮਾਂਤਰੀ ਪੱਧਰ 'ਤੇ ਕੋਸ਼ਿਸ਼ ਚੱਲ ਰਹੀ ਹੈ। ਉਸ ਨੇ ਕਿਹਾ ਕਿ ਇਸ 'ਆਪ੍ਰੇਸ਼ਨ ਸੈਂਟੀਨਲ' ਦਾ ਟੀਚਾ ਅਰਬ ਦੀ ਖਾੜੀ, ਹੋਰਮੁਜ, ਬਾਬ ਐੱਲ ਮਾਂਦੇਲ ਖਾੜੀ ਅਤੇ ਓਮਾਨ ਦੀ ਖਾੜੀ 'ਚ ਸਮੁੰਦਰੀ ਸਥਿਰਤਾ ਨੂੰ ਵਧਾਉਣਾ, ਸੁਰੱਖਿਅਤ ਆਵਾਜਾਈ ਨਿਸ਼ਚਿਤ ਕਰਨਾ ਅਤੇ ਕੌਮਾਂਤਰੀ ਸਮੁੰਦਰ 'ਚ ਤਣਾਅ ਘੱਟ ਕਰਨਾ ਹੈ। ਸੈਂਟਰਲ ਕਮਾਨ ਨੇ ਕਿਹਾ ਕਿ ਇਸ ਸਮੁੰਦਰੀ ਸੁਰੱਖਿਆ ਢਾਂਚੇ ਨਾਲ ਦੇਸ਼ ਆਪਣੇ ਝੰਡੇ ਵਾਲੇ ਜਹਾਜ਼ਾਂ ਨੂੰ ਸੁਰੱਖਿਆ ਦੇ ਸਕਣਗੇ ਅਤੇ ਇਨ੍ਹਾਂ ਨੂੰ ਹੋਰ ਦੇਸ਼ਾਂ ਦਾ ਸਹਿਯੋਗ ਮਿਲੇਗਾ।