ਅਮਰੀਕਾ : ਸਿੱਖ ਰਾਈਡਰਜ਼ ਨੇ ਕਰਵਾਈ ਸੱਤਵੀਂ 'ਸਲਾਨਾ ਬਾਈਕ ਰੈਲੀ'

10/16/2019 10:18:12 AM

ਬੇਕਰਸਫੀਲਡ, (ਰਾਜ ਗੋਗਨਾ)—  'ਸਿੱਖ ਰਾਈਡਰਜ਼ ਆਫ਼ ਅਮਰੀਕਾ' ਨਾਮੀ ਮੋਟਰਸਾਈਕਲ ਕਲੱਬ ਬੇਕਰਸਫੀਲਡ ਵਿੱਚ ਵਿਸਕਾਨਸਿਨ ਗੁਰੂਘਰ ਵਿਖੇ ਹੋਏ ਨਸਲੀ ਹਮਲੇ ਪਿੱਛੋਂ ਹੋਂਦ ਵਿੱਚ ਆਇਆ ਸੀ। ਇਸ ਗਰੁੱਪ ਵਲੋਂ ਅਮਰੀਕਾ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਪਹੁੰਚ ਕੇ ਅਮਰੀਕੀ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਹਰ ਸਾਲ ਸਿੱਖ ਰਾਈਡਰਜ਼ ਵੱਲੋਂ ਅਮਰੀਕੀ ਲੋਕਾਂ ਦੇ ਵੱਖੋ-ਵੱਖ ਸਮਾਗਮਾਂ ਵਿੱਚ ਪਹੁੰਚ ਕੇ ਸਿੱਖ ਧਰਮ ਨੂੰ ਪ੍ਰਫੁੱਲਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਲੰਘੇ ਸ਼ਨੀਵਾਰ ਬੇਕਰਸਫੀਲਡ ਵਿਖੇ 'ਸਿੱਖ ਰਾਈਡਰਜ਼ ਆਫ਼ ਅਮਰੀਕਾ' ਦੇ ਕਾਰਕੁਨਾਂ ਵੱਲੋਂ ਸ਼ਾਨਦਾਰ ਸੱਤਵੀ ਸਲਾਨਾ  ਮੋਟਰ-ਸਾਇਕਲ ਰੈਲੀ ਦਾ ਅਯੋਜਨ ਸਥਾਨਕ ਹਾਰਲੀ ਡੇਵਿਡਸਨ ਡੀਲਰਸ਼ਿੱਪ 'ਤੇ ਕੀਤਾ ਗਿਆ, ਜਿਸ ਵਿੱਚ 200 ਉੱਪਰ ਮੋਟਰਸਾਈਕਲ ਸਵਾਰਾਂ ਨੇ ਭਾਗ ਲਿਆ ਅਤੇ ਕੁੱਲ 500 ਦੇ ਕਰੀਬ ਅਮਰੀਕਨ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
 

PunjabKesari

ਇਸ ਰੈਲੀ ਦੌਰਾਨ 4 ਲੋਕਲ ਚੈਰਿਟੀਆਂ ਲਈ 8000 ਡਾਲਰ ਫੰਡ ਵੀ ਇਕੱਤਰ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਬੁਲਾਰਿਆਂ ਨੇ ਦੱਸਿਆ ਕਿ ਇਸ ਸਾਲ ਇਸ ਮੌਕੇ ਖਾਸ ਤੌਰ 'ਤੇ ਲੱਗੇ ਸਿੱਖ ਰਾਈਡਰਜ਼ ਬੂਥ ਤੋਂ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਪੈਂਫਲਿੱਟ ਵੀ ਵੰਡੇ ਗਏ। ਪਾਣੀ ਦੀਆਂ ਬੋਤਲਾਂ ਅਤੇ ਹੋਰ ਸਨੈਕ ਵਗੈਰਾ ਦਾ ਵੀ ਸਿੱਖ ਰਾਈਡਰਜ਼ ਵੱਲੋਂ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਪਿੱਛੋਂ ਇਹ ਰੈਲੀ ਪਾਇਲਜ਼ ਬੋਆਏਜ਼ ਕੈਂਪ ਵਿਖੇ ਪਹੁੰਚੀ, ਜਿੱਥੇ ਪੰਜਾਬੀ ਗੀਤਾਂ ਤੇ ਭੰਗੜਾ ਪਾਉਂਦੇ ਗੋਰੇ ਸਿੱਖ ਲਟਰੇਚਰ ਲੈ ਕੇ ਖੁਸ਼ੀ-ਖੁਸ਼ੀ ਘਰੋਂ ਘਰੀ ਪਰਤੇ।
 

PunjabKesari

ਇਸ ਮੌਕੇ ਬਹੁਤ ਸਾਰੇ ਗੋਰੇ ਜਿਹੜੇ ਸਿੱਖ ਧਰਮ ਤੋਂ ਅਣਜਾਣ ਸਨ, ਸਿੱਖ ਧਰਮ ਪ੍ਰਤੀ ਜਾਣ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਸਿੱਖ ਰਾਈਡਰਜ਼ ਦੇ ਇਸ ਉਪਰਾਲੇ ਦੀ ਉਨ੍ਹਾਂ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਗੋਰਿਆਂ ਦੇ ਬੈਂਡ ਨੇ ਵੀ ਆਪਣੀ ਗਾਇਕੀ ਦੀ ਜਾਦੂ ਬਖੇਰਿਆ ਅਤੇ ਸਿੱਖ ਰਾਇਡਰਜ਼ ਵੱਲੋਂ ਪੰਜਾਬੀ ਖਾਣੇ ਦੇ ਨਾਲ-ਨਾਲ ਅਮਰੀਕੀ ਤੇ ਮੈਕਸੀਕਨ ਲੰਚ ਵੀ ਸਰਵ ਕੀਤਾ ਗਿਆ। ਇਸ ਮੌਕੇ ਮਹਿੰਦੀ ਅਤੇ ਫੇਸ ਪੇਂਟਿੰਗ ਬੱਚਿਆਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਬੇਕਰਸਫੀਲਡ ਦੀ ਮੇਅਰ ਕੈਰਨ ਗੋ ਅਤੇ ਹੋਰ ਵੀ ਬਹੁਤ ਸਾਰੇ ਸਿਟੀ ਅਫੀਸ਼ੀਅਲਜ਼ ਅਤੇ ਸੰਸਥਾਵਾਂ ਦੇ ਮੈਂਬਰਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਅਤੇ ਸਿੱਖ ਰਾਈਡਰਜ਼ ਆਫ ਅਮਰੀਕਾ' ਦਾ ਸ਼ਾਨਦਾਰ ਸਮਾਗਮ ਲਈ ਧੰਨਵਾਦ ਕੀਤਾ। ਅਖੀਰ ਅਮਿੱਟ ਪੈੜ੍ਹਾਂ ਛੱਡਦੀ ਇਹ ਰੈਲੀ ਯਾਦਗਾਰੀ ਹੋ ਨਿਬੜੀ।


Related News