ਸੰਦੀਪ ਧਾਲੀਵਾਲ ਦੇ ਪਰਿਵਾਰ ਲਈ ਅਮਰੀਕਾ ਪਿੱਜ਼ਾ ਰੈਸਟੋਰੈਂਟ ਦਾ ਵੱਡਾ ਐਲਾਨ, ਵੀਡੀਓ

10/04/2019 1:59:22 PM

ਵਾਸ਼ਿੰਗਟਨ (ਏਜੰਸੀ)— ਸੰਦੀਪ ਧਾਲੀਵਾਲ ਦੀ ਯਾਦ ਵਿਚ ਅਮਰੀਕਾ ਦੇ ਇਕ ਪਿੱਜ਼ਾ ਰੈਸਟੋਰੈਂਟ 'ਪਾਪਾ ਜੌਨਸ ਰੈਸਟੋਰੈਂਟ' ਨੇ ਵੱਡਾ ਐਲਾਨ ਕੀਤਾ ਹੈ। ਕਹਿੰਦੇ ਨੇ ਇਨਸਾਨ ਦੀ ਕਦਰ ਉਸ ਦੇ ਜਾਣ ਤੋਂ ਬਾਅਦ ਪਤਾ ਲੱਗਦੀ ਹੈ। ਅਮਰੀਕਾ ਦੇ ਪਹਿਲੇ ਦਸਤਾਰਧਾਰੀ ਪੁਲਸ ਅਫਸਰ ਸੰਦੀਪ ਧਾਲੀਵਾਲ ਨੂੰ ਜਿਸ ਤਰ੍ਹਾਂ ਯਾਦ ਕੀਤਾ ਜਾ ਰਿਹਾ ਹੈ, ਉਸ ਤੋਂ ਅਮਰੀਕਾ ਦੀ ਪੁਲਸ ਫੋਰਸ ਵਿਚ ਉਨ੍ਹਾਂ ਦੀ ਕਦਰ ਦਾ ਅਹਿਸਾਸ ਹੁੰਦਾ ਹੈ। ਸੰਦੀਪ ਧਾਲੀਵਾਲ ਨੂੰ ਲੋਕਾਂ ਨੇ ਦਿਲੋਂ ਸਲਾਮ ਹੀ ਨਹੀਂ ਕਰ ਰਹੇ ਸਗੋਂ ਉਨ੍ਹਾਂ ਦੇ ਪਰਿਵਾਰ ਲਈ ਵੀ ਉਨ੍ਹਾਂ ਨੇ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਇਸੇ ਸਿਲਸਿਲੇ ਵਿਚ ਅਮਰੀਕਾ ਦੇ ਟੈਕਸਾਸ ਵਿਚ ਸਥਿਤ ਮਸ਼ਹੂਰ ਪਿੱਜ਼ਾ ਚੇਨ ਪਾਪਾ ਜੌਨਸ ਨੇ 1 ਅਕਤੂਬਰ ਨੂੰ ਹਿਊਸਟਨ ਏਰੀਆ ਦੇ 78 ਰੈਸਟੋਰੈਂਟਾਂ ਤੋਂ ਹੋਣ ਵਾਲੀ ਸਾਰੀ ਕਮਾਈ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੇ ਪਰਿਵਾਰ ਨੂੰ ਮਦਦ ਵਜੋਂ ਦੇਣ ਦਾ ਐਲਾਨ ਕੀਤਾ। ਜਦੋਂ ਇਸ ਦੀ ਸੂਚਨਾ ਲੋਕਾਂ ਨੂੰ ਮਿਲੀ ਤਾਂ ਸ਼ਹਿਰ ਭਰ ਤੋਂ ਇਸ ਸਟੋਰ 'ਤੇ ਪਿੱਜ਼ਾ ਆਰਡਰ ਦਾ ਜਿਵੇਂ ਹੜ੍ਹ ਆ ਗਿਆ। ਸੰਦੀਪ ਧਾਲੀਵਾਲ ਪ੍ਰਤੀ ਗੋਰਿਆਂ ਦੇ ਪਿਆਰ ਨੇ ਪਿੱਜ਼ਾ ਆਰਡਰ ਦੇ ਸਾਰੇ ਰਿਕਾਰਡ ਤੋੜ ਦਿੱਤੇ। ਇੰਨੇਂ ਜ਼ਿਆਦਾ ਆਰਡਰ ਆਏ ਕਿ ਪਿੱਜ਼ਾ ਆਰਡਰ ਸਿਸਟਮ ਵੀ ਹੈਂਗ ਹੋ ਗਿਆ। ਇਕ-ਇਕ ਪਿੱਜ਼ੇ ਲਈ ਕਈਆਂ ਨੂੰ 2 ਤੋਂ 5 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ। ਲੋਕਾਂ ਦਾ ਪਿਆਰ ਦੇਖ ਰੈਸਟੋਰੈਂਟ ਨੇ ਇਸ ਆਫਰ ਨੂੰ 4 ਅਕਤੂਬਰ ਤੱਕ ਵਧਾ ਦਿੱਤਾ।

ਪਾਪਾ ਜੌਨਸ ਰੈਸਟੋਰੈਂਟ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ ਇਸ ਸੰਬੰਧੀ ਜਾਣਕਾਰੀ ਦਿੱਤੀ ਅਤੇ ਪਿੱਜ਼ਾ ਡਿਲੀਵਰੀ ਵਿਚ ਹੋਣ ਵਾਲੀ ਦੇਰੀ ਲਈ ਮੁਆਫੀ ਮੰਗੀ। ਰੈਸਟੋਰੈਂਟ ਨੇ 4 ਅਕਤੂਬਰ ਤੱਕ ਇਹ ਆਫਰ ਵਧਾਉਂਦੇ ਹੋਏ ਹਿਊਸਟਨ ਕੇਅਰ ਕੋਡ ਵੀ ਜਾਰੀ ਕੀਤਾ। ਇਸ ਕੋਡ ਰਾਹੀਂ ਖਰੀਦੇ ਪਿੱਜ਼ੇ ਦੇ ਪੈਸੇ ਡੋਨੇਸ਼ਨ ਵਿਚ ਸ਼ਾਮਲ ਹੋਣਗੇ, ਜੋ ਸੰਦੀਪ ਧਾਲੀਵਾਲ ਦੇ ਪਰਿਵਾਰ ਨੂੰ ਦਿੱਤੀ ਜਾਣਗੇ। ਲੋਕ ਦੂਰੋਂ-ਦੂਰੋਂ ਹਿਊਸਟਨ ਦੇ ਸਟੋਰਾਂ ਤੋਂ ਹੀ ਪਿੱਜ਼ੇ ਖਰੀਦ ਰਹੇ ਹਨ। ਇੱਥੇ ਦੱਸ ਦਈਏ ਕਿ ਪਾਪਾ ਜੌਨਸ ਕੰਪਨੀ ਦੇ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਚੀਨ, ਸਪੇਨ, ਦਿੱਲੀ, ਯੂ.ਏ.ਈ., ਸਾਊਦੀ ਅਰਬ, ਬਹਿਰੀਨ, ਕੁਵੈਤ ਅਨੇਕਾਂ ਮੁਲਕਾਂ ਵਿਚ ਪਿੱਜ਼ਾ ਰੈਸਟੋਰੈਂਟ ਹਨ।


Vandana

Content Editor

Related News