ਪੰਡਿਤ ਜਸਰਾਜ ਦੇ ਨਾਮ 'ਤੇ ਰੱਖਿਆ ਗਿਆ ਇਕ ਗ੍ਰਹਿ ਦਾ ਨਾਮ

09/30/2019 2:04:48 PM

ਵਾਸ਼ਿੰਗਟਨ (ਬਿਊਰੋ)— ਭਾਰਤੀ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਸਿਤਾਰੇ ਪੰਡਿਤ ਜਸਰਾਜ ਦਾ ਨਾਮ ਹੁਣ ਗਲੈਕਸੀ ਵਿਚ ਚਮਕੇਗਾ। ਅਸਲ ਵਿਚ ਮੰਗਲ ਅਤੇ ਜੂਪੀਟਰ ਦੇ ਵਿਚ ਸਥਿਤ ਇਕ ਬਹੁਤ ਛੋਟੇ ਗ੍ਰਹਿ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਹੈ। ਪੁਲਾੜ ਵਿਗਿਆਨੀਆਂ ਨੇ 13 ਸਾਲ ਪਹਿਲਾਂ ਇਸ ਗ੍ਰਹਿ ਨੂੰ ਖੋਜਿਆ ਸੀ। ਅੰਤਰਰਾਸ਼ਟਰੀ ਖਗੋਲ ਸੰਘ (IAU) ਵੱਲੋਂ 11 ਨਵੰਬਰ 2006 ਨੂੰ ਖੋਜੇ ਗਏ ਇਸ ਗ੍ਰਹਿ 2006 ਵੀ.ਪੀ. 32 ਨੂੰ ਹੁਣ ਤੱਕ ਸੰਖਿਆ 300128 ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਹੁਣ ਇਹ ਸਿਰਫ ਸੰਜੋਗ ਹੈ ਕਿ ਪੰਡਿਤ ਜਸਰਾਜ ਦੀ ਜਨਮ ਤਰੀਕ 28/01/30 ਹੈ, ਜੋ ਇਸ ਤਾਰੇ ਦੇ ਪਹਿਲੇ ਰੱਖੇ ਗਏ ਨਾਮ ਦੇ ਠੀਕ ਉਲਟ ਹੈ।

PunjabKesari

ਪੰਡਿਤ ਜਸਰਾਜ ਦੀ ਬੇਟੀ ਦੁਰਗਾ ਜਸਰਾਜ ਨੇ ਦੱਸਿਆ ਕਿ 23 ਸਤੰਬਰ ਨੂੰ ਆਈ.ਏ.ਯੂ. ਵੱਲੋਂ ਸਾਈਟੇਸ਼ਨ ਦੇਣ ਦੇ ਨਾਲ ਇਸ ਦਾ ਅਧਿਕਾਰਕ ਰੂਪ ਨਾਲ ਐਲਾਨ ਕੀਤਾ ਗਿਆ। ਇਸ ਸਨਮਾਨ ਦੇ ਨਾਲ ਪਦਮ ਭੂਸ਼ਣ ਨਾਲ ਸਨਮਾਨਿਤ ਪੰਡਿਤ ਜਸਰਾਜ ਮੋਜਾਰਟ, ਬੀਥੋਵੇਨ ਅਤੇ ਟੇਨੋਰ ਲੁਸੀਆਨੋ ਪਵਾਰੋਟੀ ਜਿਹੇ ਅਮਰ ਸੰਗੀਤਕਾਰਾਂ ਦੀ ਗਲੈਕਸੀ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਸੰਗੀਤਕਾਰ ਬਣ ਗਏ ਹਨ।

PunjabKesari

ਪੰਡਿਤ ਜਸਰਾਜ ਨੇ ਅਮਰੀਕਾ ਨੂੰ ਦਿੱਤੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਸ ਸਨਮਾਨ ਨੂੰ ਪਾ ਕੇ ਈਸ਼ਵਰ ਦੀ ਕ੍ਰਿਪਾ ਦਾ ਅਨੁਭਵ ਹੋ ਰਿਹਾ ਹੈ। ਸਾਈਟੇਸ਼ਨ ਵਿਚ ਕਿਹਾ ਗਿਆ ਹੈ ਕਿ ਸੰਗੀਤ ਸਮਰਾਟ ਪੰਡਿਤ ਜਸਰਾਜ ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਤੀਪਾਦਕ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਸੰਗੀਤ ਨੂੰ ਸਮਰਪਿਤ ਕਰ ਦਿੱਤੀ ਹੈ। 'ਪੰਡਿਤਜਸਰਾਜ' ਨਾਮ ਦੇ ਇਸ ਛੋਟੇ ਗ੍ਰਹਿ ਨੂੰ ਆਈ.ਏ.ਯੂ. ਦੀ ਅਧਿਕਾਰਕ ਵੈਬਸਾਈਟ 'ਤੇ 300128 ਨੰਬਰ 'ਤੇ ਦੇਖਿਆ ਜਾ ਸਕਦਾ ਹੈ।


Vandana

Content Editor

Related News